ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਜੂਨ
ਸਨਅਤੀ ਸ਼ਹਿਰ ਦੀ ਵੱਖੀ ਵਿੱਚੋਂ ਲੰਘਦੀ ਸਿਧਵਾਂ ਨਹਿਰ ਵੀ ਲੋਕਾਂ ਵੱਲੋਂ ਸੁੱਟੇ ਜਾਂਦੇ ਕੂੜੇ ਅਤੇ ਹੋਰ ਰਹਿੰਦ-ਖੂੰਹਦ ਕਾਰਨ ਹੌਲੀ ਹੌਲੀ ਬੁੱਢੇ ਨਾਲੇ ਦਾ ਰੂਪ ਧਾਰਦੀ ਨਜ਼ਰ ਆ ਰਹੀ ਹੈ। ਕਈ ਥਾਵਾਂ ’ਤੇ ਨਹਿਰ ਦੇ ਆਲੇ-ਦੁਆਲੇ ਜਾਲੀਆਂ ਤੱਕ ਲਾਈਆਂ ਹੋਈਆਂ ਹਨ ਪਰ ਫਿਰ ਵੀ ਲੋਕ ਲਿਫਾਫਿਆਂ ਵਿੱਚ ਪਾ ਕੇ ਕੂੜਾ ਸੁੱਟਣ ਤੋਂ ਬਾਜ਼ ਨਹੀਂ ਆਉਂਦੇ। ਵਾਤਾਵਰਨ ਪ੍ਰੇਮੀਆਂ ਵੱਲੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ।
ਕਦੇ ਸਾਫ਼ ਪਾਣੀ ਵਾਲਾ ਬੁੱਢਾ ਦਰਿਆ ਹੌਲੀ-ਹੌਲੀ ਬੁੱਢਾ ਨਾਲਾ ਬਣ ਗਿਆ। ਅੱਜ ਇਹ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਪਾਣੀ ਦੇ ਸੋਮਿਆਂ ਵਿੱਚੋਂ ਇੱਕ ਬਣ ਗਿਆ ਹੈ। ਸਥਾਨਕ ਤਾਜਪੁਰ ਰੋਡ ’ਤੇ ਬੁੱਢੇ ਨਾਲੇ ਦੇ ਨਾਲ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਬੁੱਢੇ ਨਾਲੇ ਦਾ ਪਾਣੀ ਵੀ ਸਿੱਧਵਾਂ ਨਹਿਰ ਦੀ ਤਰ੍ਹਾਂ ਸਾਫ਼ ਹੁੰਦਾ ਸੀ। ਸ਼ੁਰੂ ਵਿੱਚ ਇੱਥੇ ਪਸ਼ੂਆਂ ਦੀਆਂ ਖੱਲਾਂ ਧੋਣ ਦਾ ਰੁਝਾਨ ਵਧਿਆ ਅਤੇ ਹੌਲੀ-ਹੌਲੀ ਸੀਵਰੇਜ, ਡਾਇੰਗਾਂ ਅਤੇ ਹੋਰ ਉਦਯੋਗਿਕ ਇਕਾਈਆਂ ਦਾ ਤੇਜ਼ਾਬੀ ਪਾਣੀ ਇਸ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਗਿਆ। ਹੁਣ ਸਿੱਧਵਾਂ ਨਹਿਰ ਦੇ ਸਾਫ਼ ਪਾਣੀ ਨੂੰ ਥਾਂ-ਥਾਂ ਸੁੱਟੀ ਰਹਿੰਦ-ਖੂੰਹਦ, ਪਲਾਸਟਿਕ, ਘਰਾਂ ਵਿੱਚੋਂ ਲਿਆ ਕੇ ਸੁੱਟਿਆ ਕੂੜਾ ਪ੍ਰਦੂਸ਼ਿਤ ਕਰ ਰਿਹਾ ਹੈ। ਇਸ ਕੂੜੇ ਨੂੰ ਨਹਿਰ ਵਿੱਚ ਸੁੱਟਣ ਤੋਂ ਰੋਕਣ ਲਈ ਭਾਵੇਂ ਪ੍ਰਸ਼ਾਸਨ ਵੱਲੋਂ ਕਈ ਥਾਵਾਂ ’ਤੇ ਕਈ-ਕਈ ਫੁੱਟ ਉੱਚੀ ਜਾਲੀ ਲਗਾਈ ਹੈ ਪਰ ਲੋਕ ਰੁਕਣ ਦਾ ਨਾਂ ਨਹੀਂ ਲੈ ਰਹੇ। ਸਿੱਧਵਾਂ ਨਹਿਰ ਦੇ ਦੁੱਗਰੀ ਪੁਲ, ਫਿਰੋਜ਼ਪੁਰ ਰੋਡ ਆਦਿ ਥਾਵਾਂ ’ਤੇ ਨਹਿਰ ਵਿੱਚ ਸੁੱਟਿਆ ਕੂੜਾ ਆਮ ਦੇਖਿਆ ਜਾ ਸਕਦਾ ਹੈ। ਨਹਿਰ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਰ ਕੇ ਇਹੋ ਕੂੜਾ ਅੱਗੇ ਰੁੜ੍ਹ ਕੇ ਬਾਕੀ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਦਿੰਦਾ ਹੈ।
ਦੂਜੇ ਪਾਸੇ, ਵਾਤਾਵਰਨ ਪ੍ਰੇਮੀ ਜਗਜੀਤ ਸਿੰਘ ਨੇ ਕਿਹਾ ਕਿ ਪ੍ਰਦੂਸ਼ਿਤ ਹੋ ਚੁੱਕਾ ਬੁੱਢਾ ਨਾਲਾ ਤਾਂ ਸਾਡੇ ਕੋਲੋਂ ਸਾਫ਼ ਨਹੀਂ ਹੁੰਦਾ ’ਤੇ ਹੁਣ ਲੋਕ ਸਿੱਧਵਾਂ ਨਹਿਰ ਨੂੰ ਵੀ ਗੰਦੇ ਨਾਲੇ ਦਾ ਰੂਪ ਦੇਣ ਲਈ ਤਰਲੋ-ਮੱਛੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਦੂਸ਼ਿਤ ਹੋਣ ’ਤੇ ਖ਼ਰਚ ਕਰਨ ਦੀ ਥਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਹੁਣ ਤੋਂ ਹੀ ਸਿੱਧਵਾਂ ਨਹਿਰ ਦੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਗੰਭੀਰ ਹੋਵੇ।