ਪੱਤਰ ਪ੍ਰੇਰਕ
ਦੋਰਾਹਾ, 15 ਜੁਲਾਈ
ਸ਼ਹਿਰ ਅੰਦਰ ਸੀਵਰੇਜ ਸਮੱਸਿਆ ਕਈ ਸਦੀਆ ਪੁਰਾਣੀ ਨਹੀਂ ਬਲਕਿ ਪਿਛਲੀ ਨਗਰ ਕੌਂਸਲ ਦੀ ਨਲਾਇਕੀ ਕਾਰਨ ਸੀਵਰੇਜ ਦੀ ਪੈਦਾ ਹੋਈ ਸਮੱਸਿਆ ਦਾ ਖਮਿਆਜ਼ਾ ਅੱਜ ਸ਼ਹਿਰ ਵਾਸੀ ਭੁਗਤ ਰਹੇ ਹਨ। ਇਹ ਗੱਲ ਅੱਜ ਇਥੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਰਦਿਆਂ ਕਿਹਾ ਕਿ ਪਿਛਲੀ ਕੌਂਸਲ ਨੇ ਗਲਾਡਾ ਵੱਲੋਂ ਲਾਏ ਤਿੰਨ ਟ੍ਰੀਟਮੈਂਟ ਪਲਾਟਾਂ ਦੀ ਦਸ਼ਾ ਸੁਧਾਰਨ ਲਈ ਕੋਈ ਯਤਨ ਨਹੀਂ ਕੀਤਾ ਕਿਉਂਕਿ ਕਾਂਗਰਸ ਦੀ ਨਗਰ ਕੌਂਸਲ ਅਤੇ ਕਾਂਗਰਸ ਸਰਕਾਰ ਟ੍ਰੀਟਮੈਂਟ ਪਲਾਟਾਂ ਨੂੰ ਕੌਂਸਲ ਹਵਾਲੇ ਕਰਨ ਵਿਚ ਫੇਲ੍ਹ ਸਾਬਤ ਹੋਈਆਂ ਹਨ। ਉਸ ਮੌਕੇ ਦੇ ਪ੍ਰਧਾਨ ਨੇ ਇਨ੍ਹਾਂ ਪਲਾਟਾਂ ਵਿਚ ਬਾਹਰੀ ਪਾਣੀ ਪਾ ਕੇ ਸ਼ਹਿਰ ਵਾਸੀਆਂ ਨੂੰ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਕੌਂਸਲ ਨੇ 5 ਹਜ਼ਾਰ ਲਿਟਰ ਦੀ ਸਮਰੱਥਾ ਵਾਲਾ ਨਵਾਂ ਟੈਂਕਰ ਖ਼੍ਰੀਦ ਲਿਆ ਹੈ। ਜਿਸ ਵਾਰਡ ਵਿਚ ਪਾਣੀ ਸਮੱਸਿਆ ਆਵੇਗੀ, ਉਸ ਨੂੰ ਤੁਰੰਤ ਹੱਲ ਕਰਨ ਲਈ ਟੈਂਕਰ ਸਹਾਈ ਹੋਵੇਗਾ। ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਨੇ ਕਿਹਾ ਕਿ ਭਾਵੇਂ ਪਹਿਲਾਂ ਕੌਂਸਲ ਕੋਲ ਕਰੀਬ 2 ਹਜ਼ਾਰ ਸਮਰੱਥਾ ਦਾ ਟੈਂਕਰ ਮੌਜੂਦ ਹੈ ਪਰ ਇਸ ਨਾਲ ਸ਼ਹਿਰ ਨੂੰ ਰਾਹਤ ਮਿਲੇਗੀ। ਇਸ ਮੌਕੇ ਕੌਂਸਲਰ ਕੁਲਵੰਤ ਸਿੰਘ, ਕੰਵਲਜੀਤ ਸਿੰਘ, ਰਿੱਕੀ ਬੈਕਟਰ, ਕਰਮਵੀਰ ਸਿੰਘ ਹਾਜ਼ਰ ਸਨ।