ਦੇਵਿੰਦਰ ਸਿੰਘ ਜੱਗੀ
ਪਾਇਲ, 26 ਅਕਤੂਬਰ
ਇੱਥੇ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਲੱਗਿਆ ਸੀਵਰੇਜ ਟਰੀਂਟਮੈਟ ਪਲਾਂਟ ਚਿੱਟਾ ਹਾਥੀ ਬਣਿਆ ਖੜ੍ਹਾ ਹੈ। ਇਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਧਾ ਕ੍ਰਿਸ਼ਨ ਗਊਸ਼ਾਲਾ ਪਾਇਲ ਦੇ ਸੰਚਾਲਕ ਸ਼ਤੀਸ ਕੁਮਾਰ, ਪਰਵਿੰਦਰ ਸਿੰਘ, ਮਹਿੰਦਰ ਸਿੰਘ ਅਤੇ ਬੀਬੀ ਬਲਵੀਰ ਕੌਰ ਨੇ ਦੱਸਿਆ ਕਿ ਪ੍ਰਾਚੀਨ ਮਹਾਂਦੇਵ ਮੰਦਰ ਦੇ ਬਿਲਕੁਲ ਸਾਹਮਣੇ ਉਲਟ ਦਿਸ਼ਾ ਵਿੱਚ ਲੱਗਿਆ ਟਰੀਟਮੈਟ ਪਲਾਂਟ ਨਾ ਚੱਲਣ ਕਰਕੇ ਸ਼ਹਿਰ ਦੇ ਗੰਦਾ ਪਾਣੀ ਵਾਲੀਆਂ ਪਾਈਆਂ ਪਾਈਪਾਂ ਓਵਰਫਲੋਅ ਹੋ ਜਾਂਦੀਆਂ ਹਨ। ਇਸ ਕਾਰਨ ਗਊਸ਼ਾਲਾ ਮੂਹਰੇ ਖੜ੍ਹੇ ਗੰਦੇ ਪਾਣੀ ਕਾਰਨ ਜਿੱਥੇ ਸਿਵ ਮੰਦਰ ਜਾਣ ਵਾਲੇ ਸਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਗਊਸ਼ਾਲਾ ਵਿੱਚ ਆਉਣ ਵਾਲੇ ਸੱਜਣਾਂ ਨੂੰ ਸਮੱਸਿਆ ਆਉਂਦੀ ਹੈ। ਇਸੇ ਸੜਕ ਤੇ ਪੈਂਦੇ ਗੰਦਗੀ ਦੇ ਢੇਰਾਂ ਤੋਂ ਵੀ ਬਦਬੂ ਮਾਰਦੀ ਹੈ, ਲੋਕਾਂ ਨੂੰ ਮੂੰਹ ਢੱਕ ਕੇ ਹੀ ਲੰਘਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਕਾਂਗਰਸ ਪਾਰਟੀ ਦੇ ਰਾਜ ਵਿੱਚ ਸੀਵਰੇਜ ਪਲਾਂਟ ਨਾ ਚੱਲਣਾ, ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤਾ ਵਾਅਦਾ ਵੀ ਵਫਾ ਹੁੰਦਾ ਨਹੀਂ ਜਾਪਦਾ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਦੋ ਵਾਰ ਗਊਸ਼ਾਲਾ ਆ ਕੇ ਵਾਅਦਾ ਕਰਕੇ ਗਏ ਪਰ ਆਪ ਸਰਕਾਰ ਬਣੀ ਨੂੰ 8 ਮਹੀਨੇ ਹੋ ਚੁੱਕੇ ਨੇ ਪਰ ਅਜੇ ਤੱਕ ਪਰਨਾਲਾ ਉਥੇ ਦਾ ਉਥੇ ਹੈ।
ਪਲਾਂਟ ਵਿਭਾਗ ਨੂੰ ਸੌਂਪਿਆ ਜਾਵੇ: ਕੌਂਸਲ ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਮਲਕੀਤ ਸਿੰਘ ਗੋਗਾ ਨੇ ਕਿਹਾ ਕਿ ਲੋਕਾਂ ਵੱਲੋਂ ਲਿਫਾਫੇ ਸੁੱਟੇ ਜਾ ਰਹੇ ਹਨ ਜਿਸ ਕਾਰਨ ਖੂਹਾਂ ਵਿੱਚ ਲੱਗੀਆਂ ਮੋਟਰਾਂ ਜਾਮ ਹੋ ਗਈਆਂ ਹਨ। ਇਨ੍ਹਾਂ ਦੀ ਸਫਾਈ ਮੁਹਿੰਮ ਆਰੰਭੀ ਗਈ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਨੂੰ ਸੌਂਪਿਆ ਜਾਵੇ ਕਿਉਂਕਿ ਉਨ੍ਹਾਂ ਕੋਲ ਟੈਕਨੀਕਲ ਸਟਾਫ ਤੇ ਸਫਾਈ ਕਰਨ ਵਾਲੀਆਂ ਮਸ਼ੀਨਾਂ ਉਪਲੱਬਧ ਹਨ।