ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 29 ਅਪਰੈਲ
ਨਗਰ ਕੌਂਸਲ ਮਾਛੀਵਾੜਾ ਵਿੱਚ ਆਪਣੀਆਂ ਜਾਇਦਾਦਾਂ ਸਬੰਧੀ ਐੱਨਓਸੀ ਅਤੇ ਨੋ ਡਿਊ ਸਰਟੀਫਿਕੇਟ ਲੈਣ ਲਈ ਆਉਣ ਵਾਲੇ ਲੋਕ ਖੱਜਲ-ਖੁਆਰ ਹੋ ਰਹੇ ਹਨ। ਅੱਜ ਇਸ ਸਬੰਧੀ ਦਫ਼ਤਰ ਦੇ ਬਾਹਰ ਹੀ ਖੜ੍ਹੇ ਮਲਕੀਤ ਸਿੰਘ ਅਤੇ ਸੁਖਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਜਾਇਦਾਦ ਦੀ ਐੱਨਓਸੀ ਅਤੇ ਨੋ-ਡਿਊ ਲੈਣ ਲਈ ਦਸਤਾਵੇਜ਼ ਮੁਕੰਮਲ ਕਰ ਕੇ ਬੇਨਤੀ ਪੱਤਰ ਦਿੱਤਾ ਸੀ ਪਰ ਕਾਫ਼ੀ ਦਿਨਾਂ ਤੋਂ ਉਹ ਖੱਜਲ-ਖੁਆਰ ਹੋ ਰਹੇ ਹਨ। ਦਫ਼ਤਰਾਂ ਵਿੱਚ ਬੈਠੇ ਅਧਿਕਾਰੀ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਨਹੀਂ ਕਰ ਰਹੇ। ਇੱਥੇ ਹੀ ਬੱਸ ਨਹੀਂ ਮਾਛੀਵਾੜਾ ਦੇ ਇੱਕ ਆੜ੍ਹਤੀ ਪਰਮਿੰਦਰ ਸਿੰਘ ਗੁਲਿਆਣੀ ਨੇ ਵੀ ਦੱਸਿਆ ਕਿ ਉਸਨੇ ਆਪਣੇ ਇੱਕ ਪਲਾਟ ਦੀ ਰਜਿਸਟਰੀ ਕਰਵਾਉਣੀ ਸੀ ਜਿਸ ਦੀ ਐੱਨਓਸੀ ਲੈਣ ਉਹ ਨਗਰ ਕੌਂਸਲ ਦੀ ਬਣਦੀ ਸਰਕਾਰੀ ਫੀਸ ਅਦਾ ਕਰਨ ਨੂੰ ਵੀ ਤਿਆਰ ਹੈ ਅਤੇ ਦਸਤਾਵੇਜ਼ ਵੀ ਮੁਕੰਮਲ ਕਰਕੇ ਦਿੱਤੇ ਪਰ ਹੈਰਾਨੀ ਦੀ ਗੱਲ ਹੈ ਕਿ ਕਦੇ ਕੋਈ ਅਧਿਕਾਰੀ ਇਤਰਾਜ਼ ਕਰਕੇ ਵਾਪਸ ਕਰ ਦਿੰਦਾ ਹੈ ਅਤੇ ਕਦੇ ਕੋਈ ਹੋਰ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰੀ ਅਧਿਕਾਰੀਆਂ ਦੀ ਡਿਊਟੀ ਤੈਅ ਕੀਤੀ ਜਾਵੇ ਕਿ ਉਨ੍ਹਾਂ ਦੇ ਕੰਮ ਪਾਬੰਦ ਸਮੇਂ ਵਿੱਚ ਹੋਣ ਅਤੇ ਨਾਲ ਹੀ ਕੋਈ ਅਧਿਕਾਰੀ ਬਿਨਾਂ ਵਜ੍ਹਾ ਇਤਰਾਜ ਲਾ ਕੇ ਪ੍ਰੇਸ਼ਾਨ ਕਰਦਾ ਹੈ ਉਸ ਖਿਲਾਫ਼ ਸਖ਼ਤ ਕਾਰਵਾਈ ਹੋਵੇ। ਦੂਜੇ ਪਾਸੇ ਈਓ ਅਮਨਦੀਪ ਸਿੰਘ ਨੇ ਕਿਹਾ ਕਿ ਇੱਥੇ ਤਾਇਨਾਤ ਅਫ਼ਸਰ ਕੋਲ 3 ਹੋਰ ਨਗਰ ਕੌਂਸਲਾਂ ਦਾ ਵਾਧੂ ਚਾਰਜ ਵੀ ਹੈ, ਇਸ ਲਈ ਉਹ ਮਾਛੀਵਾੜਾ ਦਫ਼ਤਰ ਵਿੱਚ ਕੇਵਲ 2 ਦਿਨ ਹੀ ਆਉਂਦੇ ਹਨ। ਇਸ ਤੋਂ ਇਲਾਵਾ ਇੱਥੇ ਤਾਇਨਾਤ ਏਐੱਮਈ ਦਾ ਤਬਾਦਲਾ ਹੋ ਚੁੱਕਾ ਹੈ ਅਤੇ ਨਵੇਂ ਅਧਿਕਾਰੀ ਦੇ ਆਉਣ ਤੋਂ ਬਾਅਦ ਹੀ ਲੋਕਾਂ ਨੂੰ ਐੱਨਓਸੀ ਮਿਲ ਸਕੇਗੀ।