ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 8 ਜਨਵਰੀ
ਇੱਥੋਂ ਰਾਏਕੋਟ ਨੂੰ ਜਾਣ ਵਾਲੀ ਚਰਚਿਤ ਸੜਕ ਦੇ ਨਿਰਮਾਣ ਕਾਰਜ ਦੀ ਚਾਲ ਮੱਠੀ ਹੋਣ ਕਾਰਨ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਨਗਰ ਕੌਂਸਲ ਦੇ ਪ੍ਰਧਾਨ ਨੇ ਇਸ ਨੂੰ ਵਿਰੋਧੀ ਧਿਰ ਦੇ ਕੌਂਸਲਰਾਂ ਅਤੇ ਮੀਂਹ ਨੂੰ ਜ਼ਿੰਮੇਵਾਰ ਠਹਿਰਾਇਆ। ਜ਼ਿਕਰਯੋਗ ਹੈ ਕਿ ਨਗਰ ਕੌਸਲ ਵੱਲੋਂ ਇਸ ਸੜਕ ’ਤੇ ਝਾਂਸੀ ਰਾਣੀ ਚੌਕ ਤੋ ਨਵੇਂ ਬਣੇ ਥਾਣਾ ਸਿਟੀ ਤੱਕ ਇੰਟਰਲਾਕ ਟਾਈਲਾਂ ਲਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਸੀ। ਇਸ ਸੜਕ ਦੇ ਨਿਰਮਾਣ ’ਤੇ ਇਕ ਕਰੋੜ 60 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਇਹ ਸ਼ਹਿਰ ਦੀ ਸਭ ਤੋ ਵੱਧ ਭੀੜ ਭੜੱਕੇ ਵਾਲੀ ਸੜਕ ਹੈ, ਜਿੱਥੋਂ ਰਾਏਕੋਟ, ਮਾਲੇਰਕੋਟਲਾ, ਹਠੂਰ, ਬਰਨਾਲਾ ਅਤੇ ਅਹਿਮਦਗੜ੍ਹ ਵਰਗੇ ਵੱਡੇ ਸ਼ਹਿਰਾਂ ਲਈ ਲੰਬੇ ਰੂਟਾਂ ਦੀਆ ਬੱਸਾਂ ਚੱਲਦੀਆ ਹਨ ਪਰ ਇਸ ਸੜਕ ਦੀ ਹਾਲਤ ਹਮੇਸ਼ਾ ਹੀ ਖਸਤਾ ਹਾਲਤ ਰਹੀ ਹੈ। ਇਸ ਵਾਰ ਨਗਰ ਕੌਸਲ ਵੱਲੋਂ ਇੰਟਰਲਾਕ ਟਾਈਲਾਂ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ, ਇਸ ਲਈ ਕੰਮ ਸ਼ੁਰੂ ਕਰਨ ਸਮੇਂ ਕਿਹਾ ਗਿਆ ਸੀ ਕਿ ਸੜਕ ਦਾ ਨਿਰਮਾਣ 45 ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਹੁਣ 2 ਮਹੀਨੇ ਤੋਂ ਵਧ ਸਮਾਂ ਬੀਤ ਜਾਣ ਤੋ ਬਾਅਦ ਵੀ ਇਸ ਸੜਕ ਦਾ ਇੱਕ ਪਾਸੇ ਅੱਧੇ ਤੋ ਵੀ ਘੱਟ ਨਿਰਮਾਣ ਹੀ ਹੋਇਆ ਹੈ। ਸੜਕ ਨੂੰ ਬਣਾਉਣ ਵਾਲੇ ਠੇਕੇਦਾਰ ਵੱਲੋ ਇੱਥੇ ਕੰਮ ਲਈ ਇੱਕ ਵਿਅਕਤੀ ਅਤੇ ਦੋ ਔਰਤਾਂ ਨੂੰ ਛੱਡਿਆ ਹੋਇਆ ਹੈ। ਵਿਰੋਧੀ ਧਿਰ ਦੇ ਕੌਸਲਰਾਂ ਨੇ ਦੋਸ਼ ਲਗਾਇਆ ਸੀ ਕਿ ਕੌਂਸਲ ਟੈਂਡਰ ਅਨੁਸਾਰ ਇੰਟਰਲਾਕ ਟਾਈਲ ਨਹੀਂ ਲਗਾ ਰਹੀ। ਇਸ ਤੋ ਇਲਾਵਾ ਇਹ ਵੀ ਕਿਹਾ ਗਿਆ ਕਿ ਮੌਜੂਦਾ ਪੱਧਰ ’ਤੇ ਇੰਟਰਲਾਕਿੰਗ ਟਾਈਲਾਂ ਲਗਾਈਆ ਜਾਣ ਕਾਰਨ ਕੁਝ ਵਾਰਡਾਂ ਦੇ ਇਲਾਕੇ ਪਾਣੀ ਵਿਚ ਡੁੱਬ ਜਾਣਗੇ। ਵਿਰੋਧੀ ਧਿਰ ਦੇ ਕੌਸਲਰਾਂ ਵੱਲੋ ਇਹ ਰੌਲਾ ਪਾ ਕੇ ਕੰਮ ਬੰਦ ਕਰਵਾ ਦਿੱਤਾ ਗਿਆ ਤਾਂ ਠੇਕੇਦਾਰ ਨੇ ਸੜਕ ਤੋਂ ਰੇਤੇ ਦੇ ਢੇਰਾਂ ਨੂੰ ਵੀ ਨਾ ਚੁੱਕਿਆ। ਇਸ ਕਾਰਨ 29 ਨਵੰਬਰ ਨੂੰ 20 ਟਾਇਰੀ ਓਵਰਲੋਡ ਟਰੱਕ ਇਸ ਸੜਕ ’ਤੇ ਪਲਟ ਗਿਆ ਸੀ। ਪ੍ਰਸ਼ਾਸਨ ਵੱਲੋਂ ਇਸ ਸੜਕ ’ਤੇ ਕੰਮ ਕਰਨ ਦੀ ਮੁੜ ਮਨਜ਼ੂਰੀ ਮਿਲਣ ’ਤੇ 30 ਦਸੰਬਰ ਨੂੰ ਇਸ ਸੜਕ ’ਤੇ ਸਟੀਲ ਮਾਡਲਿੰਗ ਟਾਈਲਾਂ ਲਾ ਕੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸੜਕ ਦਾ ਨਿਰਮਾਣ ਬਹੁਤ ਹੌਲੀ ਗਤੀ ਨਾਲ ਹੋ ਰਿਹਾ ਹੈ। ਇਸ ਕਾਰਨ ਰਾਹਗੀਰ ਤੇ ਲੋਕ ਪ੍ਰੇਸ਼ਾਨ ਹਨ। ਉੱਧਰ ਇਸ ਮਾਮਲੇ ’ਤੇ ਵਿਰੋਧੀ ਧਿਰ ਦੇ ਕੌਂਸਲਰਾਂ ਦੀ ਚੁੱਪੀ ਸ਼ਹਿਰ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਆਉਣ ਵਾਲੇ ਦਿਨਾਂ ਵਿੱਚ ਕੰਮ ਮੁਕੰਮਲ ਕਰ ਲਿਆ ਜਾਵੇਗਾ: ਕੌਂਸਲ ਪ੍ਰਧਾਨ
ਇਸ ਸਬੰਧੀ ਨਗਰ ਕੌਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਬਣਾਉਣ ਲਈ ਸਮਾਂ ਮਿੱਥਿਆ ਗਿਆ ਸੀ ਪਰ ਕੰਮ ਸ਼ੁਰੂ ਹੁੰਦੇ ਹੀ ਕੁੱਝ ਕੌੰਸਲਰਾਂ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਇਹ ਕੰਮ ਬੰਦ ਕਰ ਦਿੱਤਾ ਗਿਆ। ਹੁਣ ਮੁੜ ਚਾਲੂ ਕੀਤਾ ਗਿਆ ਹੈ। ਬਰਸਾਤ ਦਾ ਮੌਸਮ ਹੋਣ ਕਾਰਨ ਇਹ ਕੰਮ ਸਹੀ ਢੰਗ ਨਾਲ ਨਹੀਂ ਹੋ ਰਿਹਾ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਇਸ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹ ਕੇ ਸਮੇਂ ਸੀਮਾ ਅੰਦਰ ਮੁਕੰਮਲ ਕਰ ਲਿਆ ਜਾਵੇਗਾ।