ਗਗਨਦੀਪ ਅਰੋੜਾ
ਲੁਧਿਆਣਾ, 8 ਨਵੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਸੂਬੇ ’ਚ ਪੈਟਰੋਲ ਦੀ ਕੀਮਤ 10 ਰੁਪਏ ਅਤੇ ਡੀਜ਼ਲ ਦੀ ਕੀਮਤ 5 ਰੁਪਏ ਘਟਾਉਣ ਦਾ ਐਲਾਨ ਕਰ ਦਿੱਤਾ, ਪਰ ਸੋਮਵਾਰ ਨੂੰ ਪੈਟਰੋਲ ਪੰਪਾਂ ’ਤੇ ਲੋਕ ਮਹਿੰਗਾ ਪੈਟਰੋਲ ਮਿਲਣ ਕਾਰਨ ਬਹਿਸਦੇ ਰਹੇ। ਦਰਅਸਲ ਵੈਟ ਫੀਸਦੀ ਘਟਣ ਕਾਰਨ ਅਸਲ ਵਿੱਚ ਪੈਟਰੋਲ 10 ਰੁਪਏ ਦੀ ਥਾਂ 8.99 ਪੈਸੇ ਘੱਟ ਹੋਇਆ ਅਤੇ ਇਸੇ ਤਰ੍ਹਾਂ ਡੀਜ਼ਲ 5 ਰੁਪਏ ਲੀਟਰ ਘਟਣ ਦੀ ਥਾਂ 4.28 ਪੈਸੇ ਲੀਟਰ ਘੱਟ ਹੋਇਆ ਜਿਸ ਕਰਕੇ ਪੈਟਰੋਲ ਪੰਪ ’ਤੇ ਤੇਲ ਪੁਆਉਣ ਆਉਣ ਵਾਲੇ ਲੋਕਾਂ ਦੀ ਪੈਟਰੋਲ ਪੰਪ ਵਾਲਿਆਂ ਨਾਲ ਬਹਿਸ ਹੁੰਦੀ ਰਹੀ।
ਪੈਟਰੋਲ ਤੇ ਡੀਜ਼ਲ ਸਸਤਾ ਕਰਨ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਅਖ਼ਬਾਰਾਂ ਸਣੇ ਸੋਸ਼ਲ ਮੀਡੀਆ ਇਸ਼ਤਿਹਾਰ ਦਿੱਤਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਪੈਟਰੋਲ 95 ਰੁਪਏ ਅਤੇ ਡੀਜ਼ਲ 83.75 ਰੁਪਏ ਮਿਲੇਗਾ। ਜਦਕਿ ਅਸਲ ਵਿੱਚ ਲੁਧਿਆਣਾ ਵਿੱਚ ਲੋਕਾਂ ਨੂੰ ਪੈਟਰੋਲ 96.76 ਰੁਪਏ ਲੀਟਰ ਤੇ ਡੀਜ਼ਲ 85.13 ਰੁਪਏ ਮਿਲਿਆ। ਅਜਿਹੇ ’ਚ ਆਮ ਲੋਕ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਪੈਟਰੋਲ ਪੰਪ ਮਾਲਕਾਂ ਨਾਲ ਬਹਿਸਦੇ ਰਹੇ। ਉਹ ਕਹਿ ਰਹੇ ਸਨ ਕਿ ਆਖਰਕਾਰ ਪੈਟਰੋਲ ਸਰਕਾਰ ਵੱਲੋਂ ਜਾਰੀ ਰੇਟਾਂ ਤੋਂ ਵੱਧ ਕਿਉਂ ਵੇਚਿਆ ਜਾ ਰਿਹਾ ਹੈ। ਪੰਪ ਮਾਲਕਾਂ ਨੇ ਜਦੋਂ ਆਮ ਲੋਕਾਂ ਨੂੰ ਟੈਕਸ ਸਬੰਧੀ ਸਮਝਾਇਆ ਤਾਂ ਮਾਮਲਾ ਸ਼ਾਂਤ ਹੋਇਆ।ਦੱਸ ਦਈਏ ਕਿ ਪੈਟਰੋਲ ਤੇ ਡੀਜ਼ਲ ਦੇ ਵੱਧਦੇ ਭਾਅ ਕਾਰਨ ਲੋਕਾਂ ਨੂੰ ਰੋਸ ਵੱਧ ਰਿਹਾ ਸੀ, ਇਸ ਕਰਕੇ ਦੀਵਾਲੀ ਦੇ ਮੌਕੇ ਕੇਂਦਰ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਭਾਅ ਘਟਾ ਦਿੱਤੇ। ਇਸ ਤੋਂ ਬਾਅਦ ਪੰਜਾਬ ਦੇ ਮੁਕਾਬਲੇ ਗੁਆਂਢੀ ਸੂਬਿਆਂ ’ਚ ਤੇਲ ਦੀਆਂ ਕੀਮਤਾਂ ਜ਼ਿਆਦਾ ਘੱਟ ਹੋ ਗਈਆਂ ਸਨ। ਆਖਰਕਾਰ ਟ੍ਰਾਂਸਪੋਰਟ ਤੋਂ ਲੈ ਕੇ ਆਮ ਲੋਕਾਂ ਨੇ ਗੁਆਂਢੀ ਸੂਬਿਆਂ ਵੱਲ ਰੁੱਖ ਕਰ ਲਿਆ ਸੀ।
ਸਰਕਾਰ ਨੂੰ ਭਾਅ ਸਪਸ਼ਟ ਕਰਨੇ ਚਾਹੀਦੇ ਸਨ: ਪੰਪ ਮਾਲਕ
ਪੈਟਰੋਲ ਪੰਪ ਮਾਲਕ ਨੇ ਦੱਸਿਆ ਕਿ ਸਰਕਾਰ ਨੇ ਵੈਟ ਫੀਸਦੀ ਦੇ ਹਿਸਾਬ ਨਾਲ ਕਮੀ ਕੀਤੀ ਹੈ, ਇਸ ਕਰਕੇ ਪੈਟਰੋਲ 10 ਰੁਪਏ ਸਸਤਾ ਨਹੀਂ ਬਲਕਿ 9 ਰੁਪਏ ਲਿਟਰ ਸਸਤਾ ਹੋਇਆ ਹੈ, ਇਸੇ ਤਰ੍ਹਾਂ ਡੀਜ਼ਲ ਵੀ ਸਰਕਾਰ ਨੇ 5 ਰੁਪਏ ਲਿਟਰ ਸਸਤਾ ਕਰਨ ਦੀ ਗੱਲ ਆਖੀ ਹੈ, ਪਰ ਡੀਜ਼ਲ ਵੀ 4.28 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜੋ ਵੀ ਐਲਾਨ ਕਰਨੇ ਹਨ ਉਹ ਸਪਸ਼ਟ ਕਰਨੇ ਚਾਹੀਦੇ ਹਨ।ਦੂਜੇ ਪਾਸੇ ਪੈਟਰੋਲ ਪੰਪ ’ਤੇ ਤੇਲ ਭਰਵਾਉਣ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਹੁਣ ਚੰਗੀ ਤਰ੍ਹਾਂ ਜਾਣ ਗਏ ਹਨ ਕਿ ਤੇਲ ਦੇ ਭਾਅ ਵਿੱਚ ਕਮੀ ਸਰਕਾਰ ਨੇ ਸਿਰਫ਼ ਵੋਟਾਂ ਨੂੰ ਦੇਖਦੇ ਹੋਏ ਕੀਤੀ ਹੈ। ਬਸਤੀ ਜੋਧੇਵਾਲ ਵਾਸੀ ਅਵਿਨਾਸ਼ ਦਾ ਕਹਿਣਾ ਹੈ ਕਿ ਜਿਵੇਂ ਹੀ ਮਾਰਚ ਵਿੱਚ ਪੰਜਾਬ ਵਿੱਚ ਚੋਣਾਂ ਹੋ ਜਾਣਗੀਆਂ ਤਾਂ ਕੇਂਦਰ ਤੇ ਸੂਬਾ ਦੋਵੇਂ ਸਰਕਾਰ ਨੇ ਆਪਣੇ ਘਟਾਏ ਹੋਏ ਟੈਕਸਾਂ ਨੂੰ ਫਿਰ ਵਧਾ ਦੇਣਾ ਹੈ।
ਤੇਲ ਦੀਆਂ ਕੀਮਤਾਂ ’ਤੇ ਟੈਕਸ ਘਟਾਉਣ ਦੀ ਮੰਗ
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਧਰਨੇ ਜਾਰੀ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਹਰਨੇਕ ਸਿੰਘ ਗੁੱਜਰਵਾਲ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਵਿਚ ਕੀਤੀ ਮਾਮੂਲੀ ਕਮੀ ਨੂੰ ਊਠ ਤੋਂ ਛਾਨਣੀ ਲਾਹੁਣ ਬਰਾਬਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਸਥਿਰ ਹਨ ਅਤੇ ਇਹ ਕੀਮਤਾਂ ਰੋਜ਼ਾਨਾ ਡਿਗ ਰਹੀਆਂ ਹਨ ਪਰ ਮੋਦੀ ਹਕੂਮਤ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਤੇ ਜ਼ਿਆਦਾ ਟੈਕਸ ਵਸੂਲ ਕੇ ਆਪਣਾ ਖ਼ਜ਼ਾਨਾ ਅਤੇ ਤੇਲ ਕੰਪਨੀਆਂ ਦੇ ਘਰ ਭਰ ਰਹੀ ਹੈ। ਉਨ੍ਹਾਂ ਕਿਹਾ ਕਿ ਤੇਲ ਕੰਪਨੀਆਂ ਦਾ ਅੰਨ੍ਹਾ ਮੁਨਾਫ਼ਾ ਘੱਟ ਕਰ ਕੇ ਅਤੇ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਟੈਕਸ ਘੱਟ ਕਰ ਕੇ ਤੇਲ ਕੀਮਤਾਂ ਹੋਰ ਘਟਾਈਆਂ ਜਾ ਸਕਦੀਆਂ ਹਨ। ਲੜੀਵਾਰ ਧਰਨੇ ਦੀ ਪ੍ਰਧਾਨਗੀ ਅਮਨਦੀਪ ਕੌਰ ਨੇ ਕੀਤੀ।