ਗਗਨਦੀਪ ਅਰੋੜਾ
ਲੁਧਿਆਣਾ, 21 ਮਈ
ਸਲੇਮ ਟਾਬਰੀ ਸਥਿਤ ਸਬਜ਼ੀ ਮੰਡੀ ਦੇ ਕੋਲ ਸ਼ਨਿੱਚਰਵਾਰ ਨੂੰ ਸਾਧੂ ਦਾ ਰੂਪ ਧਾਰਨ ਕਰੀ ਬੈਠੇ ਚਾਰ ਨੌਜਵਾਨਾਂ ਨੇ ਇੱਕ ਨੌਜਵਾਨ ਤੋਂ ਤਿੰਨ ਹਜ਼ਾਰ ਰੁਪਏ ਲੁੱਟ ਲਏ। 10 ਰੁਪਏ ਮੰਗਣ ਦੌਰਾਨ ਉਸ ਨੂੰ ਗੱਲਾਂ ਵਿੱਚ ਉਲਝਾ ਲਿਆ ਤੇ ਤਿੰਨ ਹਜ਼ਾਰ ਰੁਪਏ ਲੁੱਟ ਲਏ। ਲੋਕਾਂ ਨੇ ਜਦੋਂ ਦੇਖਿਆ ਤਾਂ ਉਨ੍ਹਾਂ ਨੇ ਚਾਰਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਲੋਕਾਂ ਨੇ ਸਾਰਿਆਂ ਨੂੰ ਚੰਗੀ ਤਰ੍ਹਾਂ ਕੁਟਾਪਾ ਚਾੜ੍ਹਿਆ ਤੇ ਉਨ੍ਹਾਂ ਦੇ ਕੱਪੜੇ ਉਤਾਰ ਦਿੱਤੇ। ਸਾਧੂਆਂ ਦੇ ਰੂਪ ’ਚ ਨੌਜਵਾਨਾਂ ਨੇ ਲੋਕਾਂ ਤੋਂ ਮੁਆਫ਼ੀ ਮੰਗੀ, ਪਰ ਲੋਕਾਂ ਨੇ ਕਾਫ਼ੀ ਕੁੱਟਮਾਰ ਕੀਤੀ ਤੇ ਸਾਰੇ ਖੁਦ ਨੂੰ ਬਚਾ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਚਾਰ ਨੌਜਵਾਨ ਸਾਧੂ ਦੇ ਰੂਪ ’ਚ ਸਨ। ਜਿਨ੍ਹਾਂ ਤੋਂ 2 ਨੇ ਮਹਿਲਾ ਸਾਧੂ ਦਾ ਰੂਪ ਧਾਰਨ ਕਰ ਰੱਖਿਆ ਸੀ, ਜਦੋਂ ਕਿ 2 ਵੱਖ ਕੱਪੜਿਆਂ ’ਚ ਸਨ। ਸਬਜ਼ੀ ਮੰਡੀ ਕੋਲ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਰੋਕਿਆ ਅਤੇ ਉਸ ਤੋਂ 10 ਰੁਪਏ ਦੀ ਮੰਗ ਕੀਤੀ। ਨੌਜਵਾਨ ਨੇ 10 ਰੁਪਏ ਦਿੱਤੇ ਤਾਂ ਚਾਰਾਂ ਨੇ ਉਸ ਨੂੰ ਗੱਲਾਂ ’ਚ ਉਲਝਾ ਲਿਆ ਤੇ ਉਸ ਦੀ ਜੇਬ ’ਚੋਂ ਤਿੰਨ ਹਜ਼ਾਰ ਰੁਪਏ ਦੀ ਨਗਦੀ ਉਡਾ ਲਈ। ਜਦੋਂ ਨੌਜਵਾਨ ਨੂੰ ਪਤਾ ਲੱਗਿਆ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਆਸਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਚਾਰਾਂ ਨੂੰ ਕਾਬੂ ਕਰ ਲਿਆ ਤਾਂ ਪਤਾ ਲੱਗਿਆ ਕਿ ਸਾਧੂਆਂ ਦੇ ਭੇਸ ’ਚ 2 ਨੌਜਵਾਨ ਹਨ। ਇਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮਗਰੋਂ ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕਰਕੇ ਨੌਜਵਾਨ ਦੇ ਪੈਸੇ ਵਾਪਸ ਕਰਵਾਏ। ਭੀੜ ਨੇ ਸਾਰਿਆਂ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਨ੍ਹਾਂ ਦੇ ਕੱਪੜੇ ਤੱਕ ਉਤਰਵਾ ਲਏ। ਇਸ ਤੋਂ ਬਾਅਦ ਚਾਰੇ ਨੌਜਵਾਨ ਉਥੋਂ ਖੁਦ ਦੀ ਜਾਨ ਬਚਾ ਕੇ ਭੱਜ ਨਿਕਲੇ। ਸੂਚਨਾ ਮਿਲਣ ਤੋਂ ਬਾਅਦ ਜਦੋਂ ਤੱਕ ਥਾਣਾ ਸਲੇਮ ਟਾਬਰੀ ਪੁਲੀਸ ਮੌਕੇ ’ਤੇ ਪੁੱਜੀ, ਉਦੋਂ ਤੱਕ ਸਾਧੂ ਬਣੇ ਨੌਜਵਾਨ ਫ਼ਰਾਰ ਹੋ ਚੁੱਕੇ ਸਨ।
ਬੰਦ ਘਰਾਂ ਵਿੱਚ ਚੋਰੀ ਕਰਨ ਵਾਲਾ ਕਾਬੂ
ਲੁਧਿਆਣਾ(ਟ੍ਰਿਬਿਊਨ ਨਿਊਜ਼ ਸਰਵਿਸ): ਬੰਦ ਘਰਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਮੁਲਜ਼ਮ ਨੂੰ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਇੱਕ ਮਾਮਲੇ ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ ਚੋਰੀ ਦੇ ਛੇ ਮੋਬਾਈਲ ਫੋਨ, 2 ਲੈਪਟਾਪ, ਟੈਬ ਅਤੇ ਨਾਲ ਨਾਲ ਚੋਰੀ ਦੇ 2 ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲੀਸ ਨੇ ਇਸ ਮਾਮਲੇ ’ਚ ਅਰਬਨ ਅਸਟੇਟ ਦੁੱਗਰੀ ਦੀ ਸੀਆਰਪੀਐਫ਼ ਕਲੋਨੀ ਵਾਸੀ ਕੇਤਨ ਕੁਮਾਰ ਉਰਫ਼ ਕੇਤੂ ਦੇ ਖਿਲ਼ਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਇੱਕ ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਏਸੀਪੀ ਸਿਵਲ ਲਾਈਨ ਹਰੀਸ਼ ਬਹਿਲ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਇਲਾਕੇ ’ਚ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਡੀਐੱਮਸੀ ਹਸਪਤਾਲ ਦੀ ਡਾ. ਰਮਾ ਗੁਪਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ। ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਕੇਤੂ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ ਤੇ ਇਸ ਵੇਲੇ ਵੀ ਉਹ ਕਾਫ਼ੀ ਸਾਮਾਨ ਨਾਲ ਥਾਣਾ ਡਿਵੀਜ਼ਨ ਨੰ. 8 ਦੇ ਇਲਾਕੇ ’ਚ ਘੁੰਮ ਰਿਹਾ ਹੈ। ਇਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।