ਨਿੱਜੀ ਪੱਤਰ ਪ੍ਰੇਰਕ
ਖੰਨਾ, 21 ਅਪਰੈਲ
ਇਕ ਪਾਸੇ ਸਿਹਤ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਲਗਾਤਾਰ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ, ਪਰ ਦੂਜੇ ਪਾਸੇ ਇਥੋਂ ਦੇ ਸਿਵਲ ਹਸਪਤਾਲ ਵਿਚ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਥੋਂ ਤੱਕ ਬਿਮਾਰੀ ਦੀ ਰੋਕਥਾਮ ਲਈ ਵੈਕਸੀਨ ਲਗਾਉਣ ਲਈ ਹੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਜਾਣਕਾਰੀ ਮੁਤਾਬਿਕ ਇਸ ਹਸਪਤਾਲ ਦੇ ਵੈਕਸੀਨੇਸ਼ਨ ਕੇਂਦਰ ’ਤੇ ਟੀਕਾ ਲਗਵਾਉਣ ਆਏ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗਦੀਆਂ ਹਨ। ਲੋਕ ਇਕ ਦੂਜੇ ਨਾਲ ਜੁੜ ਕੇ ਖੜ੍ਹਦੇ ਹਨ ਤੇ ਸਰੀਰਕ ਦੂਰੀ ਦੇ ਨਿਯਮਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਇਸ ਮੌਕੇ ਐਡਵੋਕੇਟ ਸਵਰਨ ਸਿੰਘ ਸੰਧੂ ਨੇ ਕਿਹਾ ਕਿ ਉਹ ਆਪਣੀ ਪਤਨੀ ਨਾਲ ਟੀਕਾ ਲਗਵਾਉਣ ਆਏ ਸਨ ਤਾਂ ਦੇਖਿਆ ਕਿ ਅੰਦਰ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ ਤੇ ਹਸਪਤਾਲ ਅਧਿਕਾਰੀ ਵੀ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਰਹੇ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਦੀ ਗਲਤੀ ਨਾਲ ਇਹ ਨਾ ਹੋਵੇ ਕਿ ਕਰੋਨਾ ਰੋਕਥਾਮ ਦਾ ਟੀਕਾ ਲਗਵਾਉਣ ਆਏ ਵਿਅਕਤੀ ਕਰੋਨਾ ਮਰੀਜ਼ ਬਣ ਕੇ ਘਰ ਜਾਣ। ਇਸ ਸਬੰਧੀ ਜਦੋਂ ਐੱਸ.ਐੱਮ.ਓ ਡਾ. ਸਤਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਸਿਵਲ ਹਸਪਤਾਲ ’ਚ ਪੁਲੀਸ ਵਾਲਿਆਂ ਦੀ ਡਿਊਟੀ ਲਾਈ ਜਾਂਦੀ ਸੀ, ਪਰ ਕੁਝ ਦਿਨ ਤੋਂ ਪੁਲੀਸ ਨਹੀਂ ਸੀ। ਅਧਿਕਾਰੀਆਂ ਤੋਂ ਪੁਲੀਸ ਤਾਇਨਾਤ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਅੱਜ ਡਿਊਟੀ ’ਤੇ ਸਨ, ਜਿਸ ਕਰਕੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਆਇਆ।