ਚਰਨਜੀਤ ਸਿੰਘ ਢਿੱਲੋਂ
ਜਗਰਾਉਂ,13 ਦਸੰਬਰ
ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਸਿੱਧਵਾਂ ਕਲਾਂ ਅਤੇ ਸਿੱਧਵਾਂ ਖੁਰਦ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ। ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਬਲਜੀਤ ਗੋਰਸੀਆਂ ਤੇ ਨਿਰਮਲ ਧਾਲੀਵਾਲ ਨੇ ਕਿਸਾਨ ਮਜ਼ਦੂਰ ਅੰਦੋਲਨ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਮੋਰਚਾ ਐਲਾਨ ਕਰਦਿਆਂ ਮੋਦੀ ਹਕੂਮਤ ਨੂੰ ਹੋਸ਼ ’ਚ ਆਉਣ ਦੀ ਸਲਾਹ ਦਿੱਤੀ। ਉਨ੍ਹਾਂ ਆਖਿਆ ਕਿ ਇਹ ਗੱਲ ਸਾਫ ਹੋ ਚੁੱਕੀ ਹੈ ਕਿ ਹਕੂਮਤਾਂ ਦੇ ਸਤਾਏ ਅਤੇ ਤਾਨਾਸ਼ਾਹੀ ਰਵੱਈਏ ਖਿਲਾਫ਼ ਅੱਕੇ ਹੋਏ ਕਿਰਤੀ ਲੋਕ ਦਿੱਲੀ ਦੀ ਹਿੱਕ ’ਤੇ ਬੈਠਣ ਦੀ ਜੁਰਅੱਤ ਰੱਖਦੇ ਹਨ। ਹਾਜ਼ਰ ਆਗੂਆਂ ਅਤੇ ਕਾਮਿਆਂ ਨੇ 14 ਦਸੰਬਰ ਦੇ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰਾਂ ਦੇ ਘਿਰਾਓ ਦੀ ਹਮਾਇਤ ਕਰਦਿਆਂ ਵਧ-ਚੜ੍ਹ ਕੇ ਉਲੀਕੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦਾ ਅਹਿਦ ਲਿਆ ਅਤੇ ਆਖਰੀ ਸਾਹਾਂ ਤੱਕ ਹੱਕਾਂ ਦੀ ਲੜਾਈ ਲੜਦੇ ਰਹਿਣ ਦਾ ਸੰਕਲਪ ਦੁਹਰਾਇਆ।
ਪਿੰਡ ਆਂਡਲੂ ਤੋਂ ਦਿੱਲੀ ਲਈ ਤੀਜਾ ਜਥਾ ਰਵਾਨਾ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਪਿਛਲੇ ਤਕਰੀਬਨ 17 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ’ਚ ਸ਼ਾਮਲ ਹੋਣ ਲਈ ਨੇੜਲੇ ਪਿੰਡ ਆਂਡਲੂ ਤੋਂ ਤੀਜਾ ਜਥਾ ਟਿਕਰੀ ਬਾਰਡਰ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਰਾਜਦੀਪ ਸਿੰਘ ਆਂਡਲੂ, ਹਰਭਜਨ ਸਿੰਘ, ਗੁਰਦੀਪ ਸਿੰਘ ਨੇ ਕਿਹਾ ਕਿ ਖੇਤੀ ਵਿਰੋਧੀ ਕਾਨੂੰਨ ਰੱਦ ਹੋਣ ਤੱਕ ਕਿਸਾਨੀ ਸੰਘਰਸ਼ ਇਸੇ ਤਰ੍ਹਾਂ ਚਲਦਾ ਰਹੇਗਾ। ਇਸ ਮੌਕੇ ਮਨਦੀਪ ਸਿੰਘ, ਜੁਗਰਾਜ ਸਿੰਘ, ਅਜੀਤ ਸਿੰਘ, ਅਮਨਦੀਪ ਸਿੰਘ, ਹਰਵੀਰ ਸਿੰਘ, ਸੁਖਦੇਵ ਸਿੰਘ, ਸਵਰਨਜੀਤ ਸਿੰਘ, ਸੁਖਵੰਤ ਸਿੰਘ, ਹਰਕਮਲ ਸਿੰਘ, ਜਗਦੇਵ ਸਿੰਘ, ਹਰਮਨ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਦਿੱਲੀ ਜਾਂਦੇ ਕਿਸਾਨਾਂ ਲਈ ਵਿਸ਼ਰਾਮ ਘਰ ਬਣਾਇਆ
ਲੁਧਿਆਣਾ (ਗੁਰਿੰਦਰ ਸਿੰਘ): ਲੋਕ ਇਨਸਾਫ਼ ਪਾਰਟੀ ਵਲੋਂ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਮੈਕਡੋਨਲਡ ਦੇ ਸਾਹਮਣੇ ਜੀਟੀ. ਰੋਡ ਦੋਰਾਹਾ ’ਤੇ ਵਿਸ਼ਰਾਮ ਘਰ ਸਥਾਪਤ ਕੀਤਾ ਗਿਆ ਹੈ, ਜਿਸ ਵਿੱਚ ਨਹਾਉਣ, ਵਿਸ਼ਰਾਮ ਕਰਨ, ਮੈਡੀਕਲ ਸਹੂਲਤ ਅਤੇ ਲੰਗਰ ਦੀ 24 ਘੰਟੇ ਵਿਵਸਥਾ ਕੀਤੀ ਗਈ ਹੈ। ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ’ਤੇ ਬਣਾਏ ਵਿਸ਼ਰਾਮ ਘਰ ਦਾ ਜਾਇਜ਼ਾ ਲੈਣ ਲਈ ਉਹ ਅੱਜ ਦੋਰਾਹਾ ਪੁੱਜੇ। ਵਿਧਾਇਕ ਬੈਂਸ ਨੇ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਲੋਕ ਇਨਸਾਫ਼ ਪਾਰਟੀ ਵਲੋਂ ਸ਼ੁਰੂ ਬਣਾਏ ਗਏ ਵਿਸ਼ਰਾਮ ਘਰ ਵਿੱਚ ਨਹਾਉਣ-ਧੋਣ ਲਈ ਸਾਬਣ, ਪੇਸਟ ਆਦਿ ਅਤੇ ਵਿਸ਼ਰਾਮ ਕਰਨ ਲਈ ਬਿਸਤਰੇ ਅਤੇ ਖਾਣ ਪੀਣ ਲਈ ਲੰਗਰ 24 ਘੰਟੇ ਮਿਲੇਗਾ। ਇਸ ਮੌਕੇ ਬਲਦੇਵ ਸਿੰਘ, ਮਨਵਿੰਦਰ ਸਿੰਘ ਗਿਆਸਪੁਰਾ ਆਦਿ ਹਾਜ਼ਰ ਸਨ।
ਬੀਕੇਯੂ (ਡਕੌਂਦਾ) ਵੱਲੋਂ ਕਿਸਾਨ ਅੰਦੋਲਨ ਸਬੰਧੀ ਵਿਚਾਰਾਂ
ਰਾਏਕੋਟ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਸਰਹੱਦਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਸਬੰਧੀ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਪਿੰਡ ਚੱਕ ਭਾਈਕਾ ਇਕਾਈ ਦੀ ਇਕ ਮੀਟਿੰਗ ਪ੍ਰਧਾਨ ਸਾਧੂ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਇਕਾਈ ਦੇ ਜਨਰਲ ਸਕੱਤਰ ਅਤੇ ਬੁਲਾਰੇ ਹਰਬਖਸ਼ੀਸ਼ ਸਿੰਘ ਚੱਕ ਭਾਈਕਾ ਨੇ ਦੱਸਿਆ ਕਿ ਹੁਣ ਤੱਕ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਲਈ ਉਨ੍ਹਾਂ ਦੇ ਪਿੰਡ ’ਚੋਂ ਤਿੰਨ ਜਥੇ ਦਿੱਲੀ ਰਵਾਨਾ ਹੋ ਚੁੱਕੇ ਹਨ। ਅੱਜ ਦੀ ਮੀਟਿੰਗ ਵਿੱਚ ਅੰਦੋਲਨ ਨੂੰ ਲੈ ਕੇ ਕੁਝ ਹੋਰ ਮਤੇ ਪਾਏ ਗਏ, ਜਿਨ੍ਹਾਂ ਵਿੱਚ ਪਿੰਡ ਦੇ ਹਰੇਕ ਘਰ ’ਚੋਂ ਇਕ ਮੈਂਬਰ ਦੀ ਅੰਦੋਲਨ ਵਿੱਚ ਸ਼ਮੂਲੀਅਤ ਲਾਜ਼ਮੀ ਕੀਤੀ ਗਈ ਹੈ। ਮੀਟਿੰਗ ਵਿੱਚ ਰਛਪਾਲ ਸਿੰਘ, ਪਰਗਟ ਸਿੰਘ, ਰਾਜਿੰਦਰ ਸਿੰਘ, ਬਲਵਿੰਦਰ ਸਿੰਘ ਰਾਏ, ਕੁਲਵੰਤ ਸਿੰਘ ਆਦਿ ਸ਼ਾਮਲ ਸਨ।