ਜੋਗਿੰਦਰ ਸਿੰਘ ਓਬਰਾਏ
ਖੰਨਾ, 13 ਸਤੰਬਰ
ਇਥੋਂ ਦੇ ਲਾਈਨ ਤੋਂ ਪਾਰ ਇਲਾਕੇ ਵਿਚ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਵਿਕਾਸ ਕੰਮਾਂ ਦੇ ਨੀਂਹ ਪੱਥਰਾਂ ਦੀ ਝੜੀ ਲਾਈ ਗਈ ਸੀ, ਪਰ ਕੋਈ ਵੀ ਕੰਮ ਹੁਣ ਤੱਕ ਸਿਰੇ ਨਹੀਂ ਚੜ੍ਹਿਆ। ਜਿਸ ਦੇ ਰੋਸ ਵਜੋਂ ਲੋਕਾਂ ਨੇ ਚਿੱਕੜ ਵਿਚ ਲੱਗੇ ਕਰੀਬ ਇਕ ਕਰੋੜ ਦੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਨੂੰ ਧੂਫ਼ ਦਿੰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਤੇਜਿੰਦਰ ਸਿੰਘ ਆਰਟਿਸਟ ਅਤੇ ਕੁਲਦੀਪ ਕੌਰ ਗਗਨ ਕਾਲੀਰਾਓ ਨੇ ਕਿਹਾ ਕਿ ਵਿਧਾਇਕ ਕੋਟਲੀ ਪਿਛਲੇ ਪੰਜ ਸਾਲਾਂ ਤੋਂ ਵਿਕਾਸ ਕੰਮਾਂ ਦਾ ਦਾਅਵਾ ਕਰਦੇ ਆ ਰਹੇ ਹਨ, ਪਰ ਸੱਚ ਕੁਝ ਹੋ ਹੀ ਹੈ। ਉਨ੍ਹਾਂ ਕਿਹਾ ਕਿ ਕੰਮ ਬਹੁਤ ਧੀਮੀ ਗਤੀ ਨਾਲ ਚੱਲਣ ਕਾਰਨ ਲੋਕਾਂ ਨੂੰ ਬਾਰਿਸ਼ ਦੇ ਦਿਨਾਂ ਵਿਚ ਇਲਾਕੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਸ ਦੌਰਾਨ ਉਨ੍ਹਾਂ ਸਰਕਾਰ ਤੇ ਵਿਧਾਇਕ ਖ਼ਿਲਾਫ ਨਾਅਰੇਬਾਜ਼ੀ ਵੀ ਕੀਤੀ।
ਲੋਕਾਂ ਵੱਲੋਂ ਸੀਵਰੇਜ ਪਾਈਪਾਂ ਨਾ ਪਾਉਣ ਕਾਰਨ ਰੋਸ ਮੁਜ਼ਾਹਰਾ
ਇਥੋਂ ਦੇ ਰਤਨਹੇੜੀ ਰੋਡ ਵਾਰਡ ਨੰਬਰ-5 ਦੇ ਇਲਾਕੇ ਵਿਚ ਸੀਵਰੇਜ ਪਾਈਪਾਂ ਨਾ ਪਾਉਣ ਕਾਰਨ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਕੌਂਸਲ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੁਰਜੀਤ ਸਿੰਘ, ਕੁਲਵਿੰਦਰ ਸਿੰਘ, ਰਾਮ ਸਰਨ ਅਤੇ ਪ੍ਰਮੋਦ ਕੁਮਾਰ ਨੇ ਕਿਹਾ ਕਿ ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਵਿਧਾਇਕ ਕੋਟਲੀ ਅਤੇ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਮੰਗ ਪੱਤਰ ਵੀ ਸੌਂਪਿਆ ਸੀ। ਜਦੋਂ ਲੋਕਾਂ ਨੇ ਕੌਂਸਲਰ ਰੀਟਾ ਰਾਣੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਦੀ ਕੌਂਸਲਰ ਅਤੇ ਉਨ੍ਹਾਂ ਦੇ ਵਾਰਡ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਕੌਂਸਲ ਦੇ ਮੀਤ ਪ੍ਰਧਾਨ ਜਤਿੰਦਰ ਪਾਠਕ ਨੇ ਕਿਹਾ ਕਿ ਸੀਵਰੇਜ ਦੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜਲਦ ਹੀ ਅਧੂਰੇ ਪਏ ਕੰਮ ਨੂੰ ਪੂਰਾ ਕਰਕੇ ਪਾਈਪਾਂ ਪਾਈਆਂ ਜਾਣਗੀਆਂ।