ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਮਈ
ਇੱਥੇ ਅੱਜ ਖੁੱਡ ਮੁਹੱਲੇ ਇਲਾਕੇ ਵਿੱਚ ਮੋਬਾਈਲ ਟਾਵਰ ਲਗਾਉਣ ਦੇ ਮੁੱਦੇ ’ਤੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਲੋਕਾਂ ਨੇ ਮੋਬਾਈਲ ਟਾਵਰ ਦੇ ਵਿਰੋਧ ਵਿੱਚ ਸੜਕ ਜਾਮ ਕਰ ਦਿੱਤੀ ਤੇ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਦੋਸ਼ ਲਗਾਏ ਕਿ ਰਿਹਾਇਸ਼ੀ ਇਲਾਕੇ ਵਿੱਚ ਮੋਬਾਈਲ ਟਾਵਰ ਲਗਾਉਣ ਨਾਲ ਖਤਰਨਾਕ ਕਿਰਨਾਂ ਨਿਕਲਦੀਆਂ ਹਨ, ਜੋ ਲੋਕਾਂ ਲਈ ਨੁਕਸਾਨਦੇਹ ਹੋਣ ਗਈਆਂ। ਉਨ੍ਹਾਂ ਕਿਹਾ ਕਿ ਲੋਕ ਰਿਹਾਇਸ਼ੀ ਇਲਾਕੇ ਵਿੱਚ ਇਹ ਟਾਵਰ ਨਹੀਂ ਲੱਗਣ ਦੇਣਗੇ। ਦੁਕਾਨਦਾਰ ਵੇਲਫੇਅਰ ਐਸੋਸੀਏਸ਼ੇਨ ਦੇ ਨਮਿਤ ਦੀਵਾਨ ਨੇ ਦੱਸਿਆ ਕਿ ਖੁੱਡ ਮੁਹੱਲੇ ਵਿੱਚ ਰਿਹਾਇਸ਼ੀ ਇਲਾਕੇ ਵਿੱਚ ਇਹ ਟਾਵਰ ਬਿਨਾਂ ਮੰਨਜ਼ੂਰੀ ਤੋਂ ਲਗਾਇਆ ਜਾ ਰਿਹਾ ਸੀ। ਇਸ ਦੀ ਉਨ੍ਹਾਂ ਨੇ ਨਗਰ ਨਿਗਮ ਨੂੰ ਸ਼ਿਕਾਇਤ ਵੀ ਦਿੱਤੀ। ਪਰ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੋ ਮੰਨਜ਼ੂਰੀ ਦਿਖਾਈ ਗਈ ਸੀ, ਉਹ ਨਗਰ ਨਿਗਮ ਜ਼ੋਨ ਬੀ ਦੇ ਤਹਿਤ ਸੀ, ਪਰ ਉਨ੍ਹਾਂ ਦਾ ਏਰੀਆ ਨਗਰ ਨਿਗਮ ਜ਼ੋਨ ਏ ਦੇ ਅਧੀਨ ਆਉਂਦਾ ਹੈ। ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਨਗਰ ਨਿਗਮ ਨਾਲ ਗੱਲਬਾਤ ਕਰਨਗੇ। ਉਧਰ, ਏਟੀਪੀ ਮੋਹਨ ਸਿੰਘ ਦਾ ਕਹਿਣਾ ਹੈ ਕਿ ਇਸ ਮੋਬਾਈਲ ਟਾਵਰ ਦੇ ਲਈ ਮੰਨਜ਼ੂਰੀ ਦੀ ਅਰਜ਼ੀ ਆਈ ਹੋਈ ਹੈ। ਪਰ ਹਾਲੇ ਤੱਕ ਕੋਈ ਮੰਨਜ਼ੂਰੀ ਨਹੀਂ ਦਿੱਤੀ ਗਈ। ਬਿਨਾਂ ਮੰਨਜ਼ੂਰੀ ਤੋਂ ਟਾਵਰ ਨਹੀਂ ਲੱਗ ਸਕਦਾ।