ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਅਗਸਤ
ਇੱਕ ਚੋਰ ਨੇ ਬੀਤੇ ਤਿੰਨ ਮਹੀਨੇ ਤੋਂ ਚੰਡੀਗੜ੍ਹ ਰੋਡ ਸਥਿਤ ਸੈਕਟਰ 32 ਦੇ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਸੀ। ਪੁਲੀਸ ਜਦੋਂ ਚੋਰ ਨੂੰ ਕਾਬੂ ਨਹੀਂ ਕਰ ਪਾਈ ਤਾਂ ਸਥਾਨਕ ਲੋਕਾਂ ਨੇ ਖੁਦ ਜਾਲ ਵਿਛਾ ਕੇ ਉਸ ਨੂੰ ਕਾਬੂ ਕਰ ਲਿਆ। ਚੋਰ ਦੁਪਹਿਰ ਦੇ ਸਮੇਂ ਇੱਕ ਅਧੂਰੇ ਬਣੇ ਮਕਾਨ ਦੀ ਤੀਜੀ ਮੰਜ਼ਿਲ ’ਤੇ ਬੈਠਾ ਸੀ। ਲੋਕਾਂ ਨੇ ਉਥੇ ਪੁੱਜ ਕੇ ਚੋਰ ਨੂੰ ਘੇਰ ਲਿਆ ਤੇ ਕਾਬੂ ਕੀਤਾ। ਹੈਰਾਨੀ ਦੀ ਗੱਲ ਹੈ ਕਿ ਚੋਰ ਨੂੰ ਫੜ੍ਹਨ ਤੋਂ ਬਾਅਦ ਲੋਕਾਂ ਨੇ ਤਿੰਨ ਵਾਰ ਥਾਣਾ ਡਵੀਜ਼ਨ ਨੰਬਰ 7 ਦੇ ਐੱਸਐੱਚਓ ਨੂੰ ਫੋਨ ਕੀਤਾ, ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਉਸ ਤੋਂ ਬਾਅਦ ਲੁਧਿਆਣਾ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਤੇ ਮੌਕੇ ’ਤੇ ਪੁਲੀਸ ਭੇਜੀ। ਇਸ ਤੋਂ ਬਾਅਦ ਪੁਲੀਸ ਫੜ੍ਹੇ ਗਏ ਕਥਿਤ ਚੋਰ ਨੂੰ ਥਾਣੇ ਲੈ ਗਈ। ਚੋਰ ਦੀ ਪਛਾਣ ਅਮਨ ਦੇ ਰੂਪ ’ਚ ਹੋਈ ਹੈ। ਉਹ ਚੀਮਾ ਚੌਕ ਕੋਲ ਰਹਿੰਦਾ ਹੈ। ਉਸ ’ਤੇ ਕੇਸ ਦਰਜ ਕਰਨ ਤੋਂ ਬਾਅਦ ਪੁਲੀਸ ਉਸ ਦੇ ਸਾਥੀ ਦੀ ਭਾਲ ਕਰ ਰਹੀ ਹੈ। ਚੋਰ ਆਪਣੇ ਇੱਕ ਸਾਥੀ ਦੇ ਨਾਲ ਮਿਲ ਕੇ ਤਿੰਨ ਮਹੀਨੇ ਤੋਂ ਇਲਾਕੇ ’ਚ ਚੋਰੀਆਂ ਕਰ ਰਿਹਾ ਸੀ। ਇੱਕ ਘਰ ’ਚ ਉਦਘਾਟਨ ਤੋਂ ਪਹਿਲਾਂ ਹੀ ਇਹ ਲੋਕ ਮਹਿੰਗੀਆਂ ਟੂਟੀਆਂ ਉਤਾਰ ਕੇ ਲੈ ਗਏ ਸਨ। ਕਈ ਲੋਕਾਂ ਦੇ ਘਰਾਂ ਤੇ ਬਾਹਰ ਏਸੀ ’ਚੋਂ ਕਾਪਰ ਦੀਆਂ ਪਾਈਪਾਂ ਤੇ ਹੋਰ ਸਾਮਾਨ ਚੋਰੀ ਕੀਤਾ ਸੀ। ਇਹੀ ਨਹੀਂ, ਇਨ੍ਹਾਂ ਚੋਰਾਂ ਨੇ ਕਈ ਘਰਾਂ ’ਚੋਂ ਰਾਤ ਨੂੰ ਛੱਤ ਵਾਲੇ ਪੱਖੇ, ਪ੍ਰੈੱਸ ਤੇ ਕੁਝ ਘਰਾਂ ’ਚੋਂ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ। ‘ਆਪ’ ਆਗੂ ਅੰਕੁਰ ਗੁਲਾਟੀ ਨੇ ਦੱਸਿਆ ਕਿ ਚੋਰ ਚੋਰੀ ਕੀਤੇ ਗਏ ਸਾਮਾਨ ਨੂੰ ਉਹ ਕਬਾੜੀਏ ਨੂੰ ਵੇਚ ਦਿੰਦੇ ਸਨ। ਪੁਲੀਸ ਉਸ ਕਬਾੜੀਏ ਦੀ ਭਾਲ ਵੀ ਕਰ ਰਹੀ ਹੈ। ਇਸ ਨਾਲ ਉਨ੍ਹਾਂ ਨੂੰ ਰੋਜ਼ਾਨਾ 1 ਤੋਂ 2 ਹਜ਼ਾਰ ਰੁਪਏ ਮਿਲ ਜਾਂਦੇ ਸਨ। ਉਹ ਨਸ਼ਾ ਕਰਨ ਦਾ ਆਦੀ ਹੈ, ਇਨ੍ਹਾਂ ਪੈਸਿਆਂ ਨਾਲ ਉਹ ਨਸ਼ਾ ਖਰੀਦ ਲੈਂਦਾ ਸੀ। ਉਹ ਜਮਾਲਪੁਰ ਦੇ ਅਰਬਨ ਅਸਟੇਟ ਇਲਾਕੇ ’ਚ ਵੀ ਕਈ ਚੋਰੀਆਂ ਕਰ ਚੁੱਕੇ ਹਨ। ਉਥੇਂ ਵੀ ਰਾਤ ਦੇ ਕਰੀਬ ਹੀ ਉਹ ਚੋਰੀ ਕਰਦੇ ਸਨ। ਫਿਲਹਾਲ ਪੁਲੀਸ ਨੇ ਇਸ ਮਾਮਲੇ ਵਿੱਚ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਡਾਕਟਰ ਦੇ ਬੰਦ ਪਏ ਘਰ ਵਿੱਚੋਂ ਸਾਮਾਨ ਚੋਰੀ
ਲੁਧਿਆਣਾ( ਨਿੱਜੀ ਪੱਤਰ ਪ੍ਰੇਰਕ): ਥਾਣਾ ਡਿਵੀਜ਼ਨ ਨੰਬਰ ਅੱਠ ਦੇ ਇਲਾਕੇ ਦੇ ਟੈਗੋਰ ਨਗਰ ਵਿੱਚ ਇੱਕ ਡਾਕਟਰ ਦੇ ਘਰੋਂ ਨਾਮਲੂਮ ਵਿਅਕਤੀ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਡਾਕਟਰ ਦੀਪਕ ਵਾਲੀਆ ਨੇ ਦੱਸਿਆ ਹੈ ਕਿ ਉਹ ਆਪਣੀ ਪਤਨੀ ਲਿੱਲੀ ਵਾਲੀਆ ਸਮੇਤ ਮੇਰਠ ਵਿੱਚ ਡਿਊਟੀ ’ਤੇ ਗਿਆ ਸੀ। ਉਹ ਵਾਪਸ ਆਏ ਤਾਂ ਘਰ ਦਾ ਤਾਲਾ ਟੁੱਟਿਆ ਹੋਇਆ ਸੀ। ਅੰਦਰ ਜਾ ਕੇ ਵੇਖਣ ’ਤੇ ਪਤਾ ਲੱਗਾ ਕਿ ਨਾਮਲੂਮ ਵਿਅਕਤੀ ਘਰ ਦੀਆਂ ਸਾਰੀਆਂ ਟੂਟੀਆਂ, ਐੱਲਈਡੀ, ਕੰਪਿਊਟਰ ਯੂਪੀਐੱਸ, ਦੋ ਬੈਟਰੇ, ਇੱਕ ਇਨਵਰਟਰ, ਇਕ ਗੈਸ ਸਿਲੰਡਰ, ਪਿੱਤਲ ਦੀਆਂ ਕੁਰਸੀਆਂ, ਪਿੱਤਲ ਦੀ ਬੈੱਡ ਬੈਕ, ਕਿਚਨ ਦੇ ਭਾਂਡੇ, ਆਰਓ ਸਿਸਟਮ ਅਤੇ ਘਰ ਅੰਦਰ ਬਣੇ ਮੰਦਰ ਵਿੱਚ ਪਈਆਂ ਪਿੱਤਲ ਦੀਆਂ 15 ਮੂਰਤੀਆਂ ਚੋਰੀ ਕਰ ਕੇ ਲੈ ਗਏ ਹਨ। ਥਾਣੇਦਾਰ ਨਵੀਨ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।