ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 8 ਦਸੰਬਰ
ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਲਾਲ ਪੈਲੇਸ ਜਗਰਾਉਂ, ਚੌਂਕੀਮਾਨ ਟੌਲ ਪਲਾਜ਼ੇ ’ਤੇ ਹਜ਼ਾਰਾਂ ਲੋਕਾਂ ਨੇ ਹਾਜ਼ਰੀ ਭਰ ਕੇ ਸਾਬਤ ਕਰ ਦਿੱਤਾ ਕਿ ਸੰਘਰਸ਼ਾਂ ਦੇ ਰਾਹ ਪਏ ਪੰਜਾਬੀ ਨਫਾ-ਨੁਕਸਾਨ ਨਹੀਂ ਦੇਖਦੇ। ਚੌਂਕੀਮਾਨ ਟੌਲ ਪਲਾਜ਼ੇ ’ਤੇ ਵਪਾਰੀ, ਆੜ੍ਹਤੀ, ਅਧਿਆਪਕ, ਮੁਲਾਜ਼ਮ, ਪੈਨਸ਼ਨਰ, ਰੇਹੜੀ-ਫੜ੍ਹੀ, ਸਾਬਕਾ ਫੌਜੀ, ਛੋਟੇ ਦੁਕਾਨਦਾਰ ਸਮੇਤ ਸਾਰੇ ਵਰਗਾਂ ਨੇ ਹਿੱਸਾ ਲਿਆ। ਹਕੂਮਤ ਤੇ ਭੜਕੇ ਲੋਕ ਮੋਦੀ, ਅੰਬਾਨੀ, ਅਡਾਨੀ, ਸ਼ਾਹ ਦੀਆਂ ਅਰਥੀਆਂ ਲੈ ਕੇ ਸ਼ਾਮਿਲ ਹੋਏ, ਦਿਲ ਖੋਲ੍ਹ ਕੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੀਬੀਆਂ ਨੇ ਵੈਣ ਪਾਏ ਅਤੇ ਅਰਥੀਆਂ ਫੂਕੀਆਂ। ਜਗਰਾਉਂ ਲਾਲ ਪੈਲੇਸ ਧਰਨੇ ’ਚ ਕੰਵਲਜੀਤ ਖੰਨਾ, ਇੰਦਰਜੀਤ ਧਾਲੀਵਾਲ, ਹਰਬੰਸ ਅਖਾੜਾ, ਮਹਿੰਦਰ ਕਮਾਲਪੁਰਾ ਸਮੇਤ ਦਰਜਨ ਆਗੂਆਂ ਨੇ ਆਪਣੇ ਭੱਖਵੇਂ ਵਿਚਾਰਾਂ ਦੀ ਸਾਂਝ ਪਾਈ। ਪਾਇਲ(ਦੇਵਿੰਦਰ ਸਿੰਘ ਜੱਗੀ): ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਨੌਜਵਾਨਾਂ ਵੱਲੋਂ ਲਹਿਰਾ ਟੌਲ ਪਲਾਜ਼ਾ ’ਤੇ ਲਗਾਏ ਗਏ ਧਰਨੇ ਦੌਰਾਨ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਨੂੰ ਉਸ ਸਮੇਂ ਰੋਹ ਦਾ ਸਾਹਮਣਾ ਕਰਨਾ ਪਿਆ। ਜਦੋਂ ਉਹ ਪੰਡਾਲ ਵਿਚੋਂ ਕਿਸੇ ਮੀਡੀਆ ਕਰਮੀ ਨੂੰ ਇੰਟਰਵਿਊ ਦੇ ਰਹੇ ਸੀ ਜਦੋਂ ਕਿ ਕਿਸਾਨ ਆਗੂਆਂ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਕਿਸਾਨੀ ਧਰਨਿਆਂ ਵਿੱਚ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਵੜਨ ਦੀ ਮਨਾਹੀ ਹੈ।