ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਦਸੰਬਰ
ਸਨਅਤੀ ਸ਼ਹਿਰ ਵਿੱਚ ਢਾਈ ਸਾਲਾ ਬੱਚੀ ਨੂੰ ਉਸਦੀ ਗੁਆਂਢਣ ਵੱਲੋਂ ਕੀਤੇ ਕਤਲ ਦੇ ਮਾਮਲੇ ਵਿੱਚ ਅੱਜ ਲੁਧਿਆਣਾ ਵਾਸੀਆਂ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੋਮਬੱਤੀ ਮਾਰਚ ਕੱਢਿਆ। ਇਸ ਮਾਰਚ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਲ ਹੋਏ, ਜਿਨ੍ਹਾਂ ਨੇ ਜਗਰਾਉਂ ਪੁਲ ’ਤੇ ਮੋਮਬੱਤੀਆਂ ਜਲਾ ਕੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਇਸ ਮਾਰਚ ਵਿੱਚ ਢਾਈ ਸਾਲਾ ਬੱਚੀ ਦੇ ਪਰਿਵਾਰ ਵਾਲਿਆਂ ਨੇ ਵੀ ਹਿੱਸਾ ਲਿਆ। ਜਾਣਕਾਰੀ ਅਨੁਸਾਰ ਪੁਲੀਸ ਨੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੋਕਾਂ ਨੇ ਮੰਗ ਕੀਤੀ ਕਿ ਪੁਲੀਸ ਅੱਗੇ ਦੀ ਜਾਂਚ ਵੀ ਜਲਦੀ ਪੂਰੀ ਕਰੇ ਤੇ ਚਲਾਨ ਪੇਸ਼ ਕਰੇ ਤਾਂ ਜੋ ਜਲਦੀ ਤੋਂ ਜਲਦੀ ਮੁਲਜ਼ਮ ਔਰਤ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ। ਉਧਰ, ਔਰਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਔਰਤ ਪੁਲੀਸ ਹਿਰਾਸਤ ’ਚ ਹੈ ਤੇ ਲੋਕ ਉਸ ਤੋਂ ਬੱਚੀ ਦੇ ਕਤਲ ਬਾਰੇ ਸਵਾਲ ਪੁੱਛ ਰਹੇ ਹਨ, ਜਿਸ ਵਿੱਚ ਉਹ ਬੱਚੀ ਨੂੰ ਮਾਰਨ ਦੀ ਗੱਲ ਵੀ ਕਬੂਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਉਸ ਜਗ੍ਹਾ ਦੀ ਹੈ, ਜਿੱਥੇ ਮੁਲਜ਼ਮ ਔਰਤ ਨੇ ਬੱਚੀ ਨੂੰ ਦਫ਼ਨਾਇਆ ਸੀ ਤੇ ਬੱਚੀ ਨੂੰ ਕੱਢਣ ਲਈ ਪੁਲੀਸ ਦੀ ਟੀਮ ਉਥੇ ਪੁੱਜੀ ਸੀ। ਇਸ ਮੌਕੇ ਲੋਕਾਂ ਵੱਲੋਂ ਬਣਾਈ ਵੀਡੀਓ ਵਿੱਚ ਉਹ ਕਹਿ ਰਹੀ ਹੈ ਕਿ ਉਸਦੀ ਕੋਈ ਦੁਸ਼ਮਣੀ ਨਹੀਂ ਸੀ। ਮੁਹੱਲੇ ’ਚ ਉਹ ਕਾਫ਼ੀ ਦੇਰ ਤੋਂ ਰਹਿ ਰਹੇ ਹਨ, ਚਾਹੇ ਉਥੇ ਜਾ ਕੇ ਵੀ ਪੁੱਛ ਲੈਣ।
ਮੁਲਜ਼ਮ ਔਰਤ ਨੂੰ ਜੇਲ੍ਹ ਭੇਜਿਆ
ਢਾਈ ਸਾਲ ਦੀ ਬੱਚੀ ਦਿਲਰੋਜ਼ ਨੂੰ ਘਰ ’ਚੋਂ ਅਗਵਾ ਕਰਕੇ ਜਿਉਂਦਾ ਦਫ਼ਨਾ ਕੇ ਉਸਦਾ ਕਤਲ ਕਰਨ ਵਾਲੀ ਔਰਤ ਨੀਲਮ ਨੂੰ ਵੀਰਵਾਰ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸਨੂੰ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦੋ ਦਿਨਾਂ ਪੁਲੀਸ ਰਿਮਾਂਡ ਤੋਂ ਬਾਅਦ ਵੀਰਵਾਰ ਨੂੰ ਉਸਦਾ ਰਿਮਾਂਡ ਖਤਮ ਹੋਇਆ, ਜਿਸ ਤੋਂ ਬਾਅਦ ਪੁਲੀਸ ਨੇ ਉਸਨੂੰ ਪੇਸ਼ ਕੀਤਾ। ਸਿਵਲ ਹਸਪਤਾਲ ’ਚ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਥਾਣਾ ਸ਼ਿਮਲਾਪੁਰੀ ਅਧੀਨ ਆਉਂਦੀ ਚੌਕੀ ਬਸੰਤ ਪਾਰਕ ਦੀ ਪੁਲੀਸ ਨੇ ਉਸਨੂੰ ਜੇਲ੍ਹ ਭੇਜ ਦਿੱਤਾ ਹੈ।