ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 10 ਮਈ
ਨੇੜਲੇ ਪਿੰਡ ਮੱਲ੍ਹਾ ’ਚ ਰਾਤ ਸਮੇਂ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਹੈ। ਯੂਥ ਆਗੂ ਗਗਨਦੀਪ ਸਿੰਘ ਸਿੱਧੂ, ਅਵਤਾਰ ਸਿੰਘ, ਕੁਲਜੀਤ ਸਿੰਘ ਸਿੱਧੂ, ਮੱਖਣ ਸਿੰਘ ਨੇ ਦੱਸਿਆ ਕਿ ਪਿੰਡ ਮੱਲ੍ਹਾ ਦੇ ਡਾਕਘਰ ਵਾਲੀ ਸੜਕ ਦਾ ਨਿਰਮਾਣ ਲਗਭਗ ਇੱਕ ਵਰ੍ਹੇ ਤੋਂ ਹੌਲੀ ਚਾਲੇ ਚੱਲ ਰਿਹਾ ਹੈ ਤੇ ਸੋਮਵਾਰ ਰਾਤ ਨੂੰ ਸੜਕ ਨਿਰਮਾਣ ਟੀਮ ਵੱਲੋਂ ਬਿਨਾਂ ਸਫ਼ਾਈ ਕੀਤੇ ਹੀ ਪ੍ਰੀਮਿਕਸ ਪਾ ਕੇ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ ਗਈ। ਜਦੋਂ ਪਿੰਡ ਵਾਸੀਆਂ ਨੇ ਸਵੇਰੇ ਦੇਖਿਆ ਤਾਂ ਸਬੰਧਤ ਠੇਕੇਦਾਰ ਵੱਲੋਂ ਸੜਕ ’ਤੇ ਪਾਇਆ ਪ੍ਰੀਮਿਕਸ ਕਈ ਥਾਂਵਾ ਤੋਂ ਛੱਡਿਆ ਗਿਆ ਸੀ ਅਤੇ ਸੜਕ ਦੀ ਸਫ਼ਾਈ ਤੇ ਸੜਕ ਦੇ ਕਿਨਾਰਿਆਂ ’ਤੇ ਇੱਟਾਂ ਦੀ ਚਿਣਾਈ ਵੀ ਨਹੀਂ ਸੀ ਕੀਤੀ। ਜਦੋਂ ਸਵੇਰੇ ਫਿਰ ਠੇਕੇਦਾਰ ਉਸੇ ਤਰ੍ਹਾਂ ਹੀ ਰਹਿੰਦਾ ਕੰਮ ਨਿਪਟਾਉਣ ਲੱਗਾ ਤਾਂ ਪਿੰਡ ਵਾਸੀਆਂ ਨੇ ਕੰਮ ਰੋਕ ਦਿੱਤਾ।
ਉਨ੍ਹਾਂ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਠੇਦੇਦਾਰ ਵੱਲੋਂ ਕੀਤੇ ਜਾ ਰਹੇ ਕੰਮ ਦੀ ਜਾਂਚ ਦੀ ਮੰਗ ਕਰਦਿਆਂ ਦਿਨ ਵੇਲੇ ਹੀ ਸੜਕ ਨਿਰਮਾਣ ਦੀ ਮੰਗ ਕੀਤੀ।
ਉਨ੍ਹਾਂ ਨੇ ਠੇਕੇਦਾਰ ਨੇ ਘਟੀਆ ਮਟੀਰੀਅਲ ਪਾ ਕੇ ਅਤੇ ਰਾਤ ਸਮੇਂ ਸੜਕ ਬਣਾ ਕੇ ਇਸ ਰਸਤੇ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਨਕਾਰਾ ਕਰ ਦਿੱਤਾ ਹੈ। ਉਨ੍ਹਾਂ ਇਹ ਮਾਮਲਾ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਧਿਆਨ ’ਚ ਲਿਆਉਣ ਦੀ ਗੱਲ ਵੀ ਕੀਤੀ ।