ਗਗਨਦੀਪ ਅਰੋੜਾ
ਲੁਧਿਆਣਾ, 12 ਮਈ
ਬਿਜਲੀ ਦੇ ਲੰਮੇ ਲੰਮੇ ਕੱਟਾਂ ਦੇ ਨਾਲ ਨਾਲ ਪਾਣੀ ਦੀ ਕਿੱਲਤ ਤੋਂ ਲੋਕ ਪ੍ਰੇਸ਼ਾਨ ਹਨ। ਇਸ ਕਾਰਨ ਉਹ ਸਰਕਾਰ ਖ਼ਿਲਾਫ਼ ਸੜਕਾਂ ’ਤੇ ਉਤਰਨ ਲਈ ਮਜਬੂਰ ਹੋ ਗਏ ਹਨ।
ਸ਼ਹਿਰ ਦੇ ਤਾਜਪੁਰ ਰੋਡ ਸਥਿਤ ਈਡਬਲਯੂਐੱਸ ਕਲੋਨੀ ਦੇ ਲੋਕਾਂ ਨੂੰ ਗਰਮੀ ਵਿੱਚ ਪਾਣੀ ਨਾ ਮਿਲਣ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਕਾਰਨ ਕਲੋਨੀ ਵਾਸੀਆਂ ਨੇ ਤਾਜਪੁਰ ਰੋਡ ’ਤੇ ਮੁੱਖ ਸੜਕ ’ਤੇ ਜਾਮ ਲਾ ਕੇ ‘ਆਪ’ ਵਿਧਾਇਕ ਦਲਜੀਤ ਭੋਲਾ ਗਰੇਵਾਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। 100 ਦੇ ਕਰੀਬ ਲੋਕਾਂ ਵੱਲੋੋਂ ਧਰਨਾ ਲਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਪੀਣ ਲਾਇਕ ਪਾਣੀ ਦੀ ਮੰਗ ਲਈ ਉਨ੍ਹਾਂ ਨੂੰ ਇੱਕ ਮਹੀਨੇ ’ਚ ਤੀਜੀ ਵਾਰ ਧਰਨਾ ਲਾਉਣਾ ਪੈ ਰਿਹਾ ਹੈ।
ਈਡਬਲਯੂਐੱਸ ਕਲੋਨੀ ਵਾਸੀ ਜੋਤੀ, ਦੀਪਕ ਤੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਰਾਤ ਨੂੰ ਬਿਜਲੀ ਨਹੀਂ ਹੁੰਦੀ ਤੇ ਸਵੇਰੇ ਪਾਣੀ ਨਹੀਂ ਹੁੰਦਾ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਕਈ ਵਾਰ ਇਲਾਕਾ ਵਿਧਾਇਕ ਦਲਜੀਤ ਭੋਲਾ ਗਰੇਵਾਲ ਤੇ ਅਧਿਕਾਰੀਆਂ ਨੂੰ ਆਖ ਚੁੱਕੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਉਹ ਪ੍ਰੇਸ਼ਾਨ ਹੋ ਕੇ ਅੱਜ ਸਵੇਰੇ ਸੜਕ ’ਤੇ ਆ ਕੇ ਬੈਠ ਗਏ ਤੇ ਪੌਣੇ ਘੰਟੇ ਤੱਕ ਉਨ੍ਹਾਂ ਜਾਮ ਲਾਈ ਰੱਖਿਆ। ਇਸ ਕਾਰਨ ਸਵੇਰੇ ਕੰਮ ’ਤੇ ਜਾਣ ਵਾਲੇ ਫੈਕਟਰੀਆਂ ਦੇ ਮਾਲਕਾਂ, ਲੇਬਰ ਤੇ ਸਕੂਲ ਜਾ ਰਹੇ ਬੱਚਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਧਰਨੇ ’ਚ ਮੌਕੇ ’ਤੇ ਪੁੱਜੇ ਐੱਸਡੀਓ ਅੰਮ੍ਰਿਤਪਾਲ ਸਿੰਘ ਨੇ ਲੋਕਾਂ ਨੂੰ ਸਮੱਸਿਆ ਦੇ ਹੱਲ ਦਾ ਭਰੋਸਾ ਦਵਾਇਆ। ਇਸ ਤੋਂ ਬਾਅਦ ਲੋਕਾਂ ਨੇ ਫਿਰ ਤੋਂ ਧਰਨਾ ਲਾਉਣ ਦੀ ਚਿਤਾਵਨੀ ਦੇ ਕੇ ਜਾਮ ਖੋਲ੍ਹ ਦਿੱਤਾ।
ਐੱਸਡੀਓ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਟਿਊਬਵੈੱਲ ਸਹੀ ਚੱਲਦੇ ਹਨ, ਪਰ ਪਤਾ ਨਹੀਂ ਕਿਉਂ ਲੋਕਾਂ ਕੋਲ ਪਾਣੀ ਨਹੀਂ ਪੁੱਜ ਰਿਹਾ। ਬਾਕੀ ਜਾਂਚ ਕਰਵਾਈ ਜਾ ਰਹੀ ਹੇ ਤੇ ਜਲਦੀ ਹੀ ਲੋਕਾਂ ਦੀ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ।