ਗਗਨਦੀਪ ਅਰੋੜਾ
ਲੁਧਿਆਣਾ, 5 ਜੁਲਾਈ
ਸਨਅਤੀ ਸ਼ਹਿਰ ਦੇ ਵਾਰਡ ਨੰਬਰ 31 ਦੀਆਂ ਕਈ ਕਲੋਨੀਆਂ ਵਿੱਚ ਕਹਿਰ ਦੀ ਗਰਮੀ ਦੌਰਾਨ ਪੀਣ ਵਾਲੇ ਪਾਣੀ ਦੀ ਆ ਰਹੀ ਕਿੱਲਤ ਕਾਰਨ ਅੱਜ ਗੁੱਸੇ ਵਿੱਚ ਆਏ ਲੋਕਾਂ ਨੇ ਨਗਰ ਨਿਗਮ ਦਾ ਜ਼ੋਨ-ਸੀ ਦਫ਼ਤਰ ਘੇਰਿਆ। ਇਸ ਧਰਨੇ ਵਿੱਚ ਵਾਰਡ ਨੰਬਰ 31 ਦੇ ਮੁਹੱਲਾ ਗਗਨ ਨਗਰ, ਗੁਰੂ ਨਾਨਕ ਨਗਰ, ਅਜੀਤ ਸਿੰਘ ਕਲੋਨੀ ਤੇ ਮਹਾਂ ਸਿੰਘ ਨਗਰ ਦੇ ਵਾਸੀ ਸ਼ਾਮਲ ਸਨ, ਜਿਨ੍ਹਾਂ ਦੀ ਅਗਵਾਈ ਰਾਜੇਸ਼ ਮਿਸ਼ਰਾ ਨੇ ਕੀਤੀ। ਇਸ ਦੌਰਾਨ ਲੋਕਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਇਲਾਕਾ ਕੌਂਸਲਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਲੋਨੀ ਵਿੱਚ ਪਾਣੀ ਪਹੁੰਚਾਉਣ ਦੀ ਮੰਗ ਕੀਤੀ। ਲੋਕਾਂ ਨੇ ਦੋਸ਼ ਲਗਾਏ ਕਿ ਪਿਛਲੇ ਦੋ ਮਹੀਨੇ ਤੋਂ ਉਨ੍ਹਾਂ ਦੇ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਚੱਲ ਰਹੀ ਹੈ, ਪਰ ਹਮੇਸ਼ਾ ਹੀ ਕੌਂਸਲਰ ਤੇ ਅਧਿਕਾਰੀ ਭਰੋਸਾ ਦੇ ਕੇ ਕੰਮ ਸਾਰ ਦਿੰਦੇ ਹਨ ਤੇ ਕੋਈ ਪੱਕਾ ਹੱਲ ਨਹੀਂ ਕੱਢਿਆ ਜਾਂਦਾ। ਉਨ੍ਹਾਂ ਦੱਸਿਆ ਕਿ ਕਈ ਇਲਾਕਿਆਂ ਵਿੱਚ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਤੇ ਕੁਝ ਕੁ ਇਲਾਕਿਆਂ ਦੀਆਂ ਪਾਈਪਲਾਈਨਾਂ ਵਿੱਚ ਗੰਦਾ ਪਾਣੀ ਆ ਰਿਹਾ। ਇਸ ਦੌਰਾਨ ਸ੍ਰੀ ਮਿਸ਼ਰਾ ਨੇ ਦੋਸ਼ ਲਗਾਏ ਕਿ ਇਸ ਇਲਾਕੇ ਵਿੱਚ ਜ਼ਿਆਦਾਤਰ ਆਬਾਦੀ ਮਜ਼ਦੂਰ ਭਾਈਚਾਰੇ ਦੀ ਹੈ, ਜਿਸ ਕਰਕੇ ਇਲਾਕਾ ਵਾਸੀਆਂ ਦੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ ਸੀ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਤਾਂ ਉਹ ਸੋਮਵਾਰ ਨੂੰ ਧਰਨਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਹਾਲੇ ਵੀ ਉਨ੍ਹਾਂ ਦੇ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਤਾਂ ਅੱਗੇ ਉਹ ਨਗਰ ਨਿਗਮ ਕਮਿਸ਼ਨਰ ਦਾ ਘਿਰਾਓ ਕਰਨਗੇ, ਜਿਸ ਦੀ ਜ਼ਿੰਮੇਵਾਰੀ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਹੋਵੇਗੀ। ਇਸ ਮੌਕੇ ’ਤੇ ਪ੍ਰਿਤਪਾਲ ਸਿੰਘ, ਰਿਸ਼ੀਪਾਲ ਸਿੰਘ, ਜਸਬੀਰ ਸਿੰਘ ਠਾਕੁਰ, ਪਰਾਗ ਦੱਤ, ਸ਼ਿਵ ਕੁਮਾਰ ਗੁਪਤਾ, ਰੂਪ ਕੌਰ, ਜਸਬੀਰ ਕੌਰ, ਵਿਨੋਦ ਆਦਿ ਮੌਜੂਦ ਸਨ। ਉਧਰ ਇਲਾਕਾ ਕੌਂਸਲਰ ਦੇ ਪਤੀ ਪੰਕਜ ਸ਼ਰਮਾ ਨੇ ਦੱਸਿਆ ਕਿ ਇਸ ਵਾਰਡ ਵਿੱਚ ਕੱਟੀਆਂ ਗਈਆਂ ਕਈ ਨਾਜਾਇਜ਼ ਕਲੋਨੀਆਂ ਵਿੱਚ ਪਾਣੀ ਦੀ ਸਮੱਸਿਆ ਆ ਰਹੀ ਹੈ। ਇਸ ਸਬੰਧੀ ਉਹ ਨਗਰ ਨਿਗਮ ਨੂੰ ਪੱਤਰ ਲਿਖ ਚੁੱਕੇ ਹਨ ਕਿ ਇਸ ਵਾਰਡ ਦੀ ਪਾਣੀ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਏ।