ਸੰਤੋਖ ਗਿੱਲ
ਗੁਰੂਸਰ ਸੁਧਾਰ, 15 ਅਪਰੈਲ
ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਵਿਰੁੱਧ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਚੱਲ ਰਹੇ ਲੜੀਵਾਰ ਧਰਨੇ ਦੀ ਅਗਵਾਈ ਰਾਜਿੰਦਰ ਕੌਰ, ਮਹਿੰਦਰ ਕੌਰ ਅਤੇ ਸੁਖਵਿੰਦਰ ਕੌਰ ਨੇ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਅਮਰੀਕ ਸਿੰਘ ਜੜਤੌਲੀ ਨੇ ਕਿਹਾ ਕਿ ਮੋਦੀ ਹਕੂਮਤ ਕਿਰਤੀ ਕਿਸਾਨਾਂ ਦੇ ਅੰਦੋਲਨ ਤੋਂ ਘਬਰਾ ਕੇ ਅੰਦੋਲਨ ਨੂੰ ਘਟੀਆ ਚਾਲਾਂ ਚੱਲ ਕੇ ਬਦਨਾਮ ਕਰਨਾ ਚਾਹੁੰਦੀ ਹੈ ਪਰ ਲੋਕਾਂ ਨੇ ਸਰਕਾਰ ਦੀਆਂ ਸਾਰੀਆਂ ਚਾਲਾਂ ਨੂੰ ਫ਼ੇਲ੍ਹ ਕਰ ਦਿੱਤਾ ਹੈ।
ਜਨਵਾਦੀ ਇਸਤਰੀ ਸਭਾ ਦੀ ਆਗੂ ਪਰਮਜੀਤ ਕੌਰ, ਮਨਜੀਤ ਕੌਰ, ਕੁਲਜੀਤ ਕੌਰ ਗਰੇਵਾਲ਼, ਕਿਸਾਨ ਆਗੂ ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋ, ਬਲਦੇਵ ਸਿੰਘ ਧੂਰਕੋਟ, ਚਮਕੌਰ ਸਿੰਘ ਛਪਾਰ, ਨੌਜਵਾਨ ਆਗੂ ਹਰਨੇਕ ਸਿੰਘ ਗੁੱਜਰਵਾਲ, ਕਲੈਕਟਰ ਸਿੰਘ ਨਾਰੰਗਵਾਲ ਨੇ ਦਿੱਲੀ ਦੀ ਸਿੰਘੂ ਹੱਦ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨਾਂ ਦੇ ਟੈਂਟ ਨੂੰ ਦਿਨ ਦਿਹਾੜੇ ਅੱਗ ਲਾ ਕੇ ਭਾਰੀ ਨੁਕਸਾਨ ਕਰਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੇਂਦਰੀ ਸਰਕਾਰ ਦੇ ਇਸ਼ਾਰੇ ’ਤੇ ਹੀ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅੱਗ ਬੁਝਾਊ ਗੱਡੀਆਂ ਦਿਖਾਵੇ ਲਈ ਖੜ੍ਹੀਆਂ ਜ਼ਰੂਰ ਕੀਤੀਆਂ ਹਨ ਪਰ ਉਨ੍ਹਾਂ ਅੱਗ ਬੁਝਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ। ਇਸ ਤਰ੍ਹਾਂ ਸੰਘਰਸ਼ਸ਼ੀਲ ਲੋਕਾਂ ਨੂੰ ਡਰਾਇਆ ਨਹੀਂ ਜਾ ਸਕਦਾ। ਉੱਧਰ ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ ਹਿੱਸੋਵਾਲ ਟੌਲ ਪਲਾਜ਼ਾ ਉੱਪਰ ਵੀ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਧਰਨਾ ਜਾਰੀ ਰਿਹਾ। ਇਸੇ ਤਰ੍ਹਾਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਸਾਨੀ ਘੋਲ ਵਿਚ ਦਿੱਲੀ ਦੀ ਸਿੰਘੂ ਹੱਦ ’ਤੇ ਸੰਘਰਸ਼ਸ਼ੀਲ ਕਿਸਾਨਾਂ ਦੇ ਟੈਂਟ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਾਉਣ ਦੀ ਘਟਨਾ ਉੱਪਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ, ਕਿਸਾਨ ਆਗੂਆਂ ਅਤੇ ਸੇਵਾਦਾਰਾਂ ਨੂੰ ਪਹਿਰੇਦਾਰੀ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਸਾਥੀ ਖੰਨਾ ਨੇ ਮੋਰਚੇ ’ਤੇ ਜਾਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਉਣ ਅਤੇ ਨੁਕਸਾਨ ਤੋਂ ਬਚਾਅ ਲਈ ਕਿਸਾਨ ਆਪਣੇ ਘਰਾਂ ਤੋਂ ਅੱਗ ਬੁਝਾਊ ਯੰਤਰ ਵੀ ਮੋਰਚੇ ਵਿਚ ਨਾਲ ਲੈ ਕੇ ਜਾਣ। ਇਨਕਲਾਬੀ ਕੇਂਦਰ ਦੇ ਆਗੂ ਨੇ ਕਿਹਾ ਕਿ ਸਰਕਾਰੀ ਸ਼ਹਿ ’ਤੇ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਸੰਘਰਸ਼ਸ਼ੀਲ ਲੋਕਾਂ ਦੇ ਹੌਸਲੇ ਤੋੜ ਨਹੀਂ ਸਕਦੀਆਂ, ਸਗੋਂ ਇਤਿਹਾਸ ਗਵਾਹ ਹੈ ਕਿ ਇਸ ਤਰ੍ਹਾਂ ਤਾਂ ਸਾਡੇ ਹੌਸਲੇ ਹੋਰ ਮਜ਼ਬੂਤ ਹੁੰਦੇ ਹਨ।
‘ਕਰੋਨਾ ਦੇ ਬਹਾਨੇ ਅੰਦੋਲਨਾਂ ਨੂੰ ਕੁਚਲਣ ਦੀ ਨੀਤੀ ਅਣਮਨੁੱਖੀ’
ਲੁਧਿਆਣਾ(ਖੇਤਰੀ ਪ੍ਰਤੀਨਧ): ਕੇਂਦਰੀ ਖੇਤੀ ਮੰਤਰੀ ਦੇ ਬਿਆਨ ਕਿ ‘ਕਰੋਨਾ ਫੈਲ ਰਿਹਾ ਹੈ ਇਸ ਲਈ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਚਲੇ ਜਾਣ’ ਉਨ੍ਹਾਂ ਦੀ ਸੋਚ ਦਾ ਖੋਖਲਾਪਣ ਅਤੇ ਅਣਮਨੁੱਖੀਪਣ ਦਰਸਾਉਂਦਾ ਹੈ। ਇਹ ਪ੍ਰਗਟਾਵਾ ਕਿਸਾਨੀ ਸੰਘਰਸ਼ ਦੌਰਾਨ ਡਾਕਟਰੀ ਕੈਂਪ ਲਾਉਣ ਵਾਲੇ ਡਾ. ਅਰੁਣ ਮਿੱਤਰਾ, ਡਾ. ਬਲਬੀਰ ਸਿੰਘ, ਡਾ. ਗਗਨਦੀਪ, ਡਾ. ਪਰਮ ਸੈਣੀ, ਡਾ. ਮੋਨਿਕਾ ਧਵਨ, ਡਾ. ਸੂਰਜ ਢਿੱਲੋਂ, ਡਾ. ਗੁਰਵੀਰ ਸਿੰਘ ਅਤੇ ਡਾ. ਨਵਦੀਪ ਖਹਿਰਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਲਗਾਤਾਰ ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਕਿਸਾਨ ਆਪਣੇ ਘਰ ਬਾਰ ਛੱਡ ਕੇ ਕੋਈ ਖੁਸ਼ੀ ਨਾਲ ਸੜਕਾਂ ’ਤੇ ਨਹੀਂ ਬੈਠੇ। ਜਦੋਂ ਸਰਕਾਰ ਦੇ ਸਾਰੇ ਝੂਠ ਤੇ ਹਰਬੇ ਜਰਬੇ ਫੇਲ੍ਹ ਹੋ ਗਏ ਅਤੇ ਕਿਸਾਨ ਅੰਦੋਲਨ ਨੂੰ ਵੰਡਣ ਦੀਆਂ ਸਾਜਿਸ਼ਾਂ ਅਸਫ਼ਲ ਹੋ ਗਈਆਂ, ਹੁਣ ਉਹ ਕਰੋਨਾ ਦੇ ਬਹਾਨੇ ਇਸ ਨੂੰ ਦਮਨ ਕਰਨ ਦੀ ਸੋਚ ਵਿੱਚ ਲੱਗੇ ਹੋਏ ਹਨ। ਅਸੀਂ ਲਗਾਤਾਰ ਟਿਕਰੀ ਅਤੇ ਸਿੰਘੂ ਬਾਰਡਰ ’ਤੇ ਮੈਡੀਕਲ ਕੈਂਪ ਲਗਾ ਕੇ ਕਿਸਾਨ ਵੀਰਾਂ ਤੇ ਭੈਣਾਂ ਨੂੰ ਮੈਡੀਕਲ ਸਹਾਇਤਾ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇ ਖੇਤੀ ਮੰਤਰੀ ਨੂੰ ਕਿਸਾਨਾਂ ਦੀ ਸਿਹਤ ਦੀ ਇੰਨੀ ਹੀ ਚਿੰਤਾ ਹੈ ਤਾਂ ਜਿੱਥੇ ਕਿਸਾਨ ਬੈਠੇ ਹਨ ਉੱਥੇ ਸਰਕਾਰ ਵੱਲੋਂ ਕੋਈ ਮੈਡੀਕਲ ਟੀਮਾਂ ਕਿਉਂ ਨਹੀਂ ਲਗਾਈਆਂ ਗਈਆਂ।