ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 29 ਅਕਤੂਬਰ
ਸਰਕਾਰ ਵਲੋਂ ਲੋਕਾਂ ਤੱਕ ਵੱਖ-ਵੱਖ ਭਲਾਈ ਯੋਜਨਾਵਾਂ ਪਹੁੰਚਾਉਣ ਲਈ ਅੱਜ ਨਗਰ ਕੌਂਸਲ ਦਫ਼ਤਰ ਵਿਖੇ ਸੁਵਿਧਾ ਕੈਂਪ ਲਗਾਇਆ ਗਿਆ ਜਿੱਥੇ ਕੁਝ ਲੋਕ ਸਕੀਮਾਂ ਨੂੰ ਲੈ ਕੇ ਦੁਵਿਧਾ ’ਚ ਫਸੇ ਦਿਖਾਈ ਦਿੱਤੇ।
ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਮੁਫ਼ਤ ਦੇਣ ਜਾ ਰਹੀ ਹੈ ਪਰ ਅੱਜ ਜਦੋਂ ਮਾਛੀਵਾੜਾ ਸ਼ਹਿਰ ਦੇ ਲੋਕ ਇਹ ਲਾਭ ਲੈਣ ਪੁੱਜੇ ਤਾਂ ਉਦੋਂ ਮਾਯੂਸ ਦਿਖਾਈ ਦਿੱਤੀ ਕਿ ਇਹ ਯੋਜਨਾ ਕੇਵਲ ਪੇਂਡੂ ਵਰਗ ਨਾਲ ਸਬੰਧਤ ਲੋਕਾਂ ਲਈ ਹੈ ਜਦਕਿ ਸ਼ਹਿਰ ’ਚ ਰਹਿੰਦੇ ਗਰੀਬ ਇਸ ਦਾ ਲਾਭ ਨਹੀਂ ਲੈ ਸਕਦੇ। ਸੁਵਿਧਾ ਕੈਂਪ ਦਾ ਉਦਘਾਟਨ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕੀਤਾ ਅਤੇ ਉਨ੍ਹਾਂ ਨਾਲ ਐੱਸਡੀਐੱਮ ਸਮਰਾਲਾ ਵਿਕਰਮਜੀਤ ਸਿੰਘ ਪਾਂਥੇ ਵੀ ਸਨ। ਉਨ੍ਹਾਂ ਕਿਹਾ ਕਿ ਵਾਂਝੇ ਰਹਿ ਗਏ ਲੋਕਾਂ ਨੂੰ ਸਹੂਲਤਾਂ ਦਾ ਲਾਭ ਦੇਣ ਲਈ ਇਹ ਸੁਵਿਧਾ ਕੈਂਪ ਲਾਇਆ ਗਿਆ ਹੈ। ਸੁਵਿਧਾ ਕੈਂਪ ’ਚ ਪੁੱਜੇ ਸ਼ਹਿਰ ’ਚ ਰਹਿੰਦੇ ਗਰੀਬ ਪਰਿਵਾਰਾਂ ਨੇ ਵਿਧਾਇਕ ਢਿੱਲੋਂ ਕੋਲ ਮੁੱਦਾ ਉਠਾਇਆ ਕਿ ਜਿਸ ਤਰ੍ਹਾਂ ਪਿੰਡਾਂ ਦੇ ਗਰੀਬ ਲੋਕਾਂ ਨੂੰ 5-5 ਮਰਲੇ ਦੇ ਮੁਫ਼ਤ ਪਲਾਟ ਦਿੱਤੇ ਜਾ ਰਹੇ ਹਨ ਉਸੇ ਤਰ੍ਹਾਂ ਸ਼ਹਿਰ ਦੇ ਲੋੜਵੰਦ ਪਰਿਵਾਰਾਂ ਨੂੰ ਇਸ ਯੋਜਨਾ ਅਧੀਨ ਲਿਆਂਦਾ ਜਾਵੇ। ਵਿਧਾਇਕ ਢਿੱਲੋਂ ਨੇ ਕਿਹਾ ਕਿ ਉਹ ਲੋਕਾਂ ਦੀ ਮੰਗ ਸਰਕਾਰ ਤੱਕ ਜ਼ਰੂਰ ਪਹੁੰਚਾਉਣਗੇ। ਇਸ ਤੋਂ ਇਲਾਵਾ ਅੱਜ ਸੁਵਿਧਾ ਕੈਂਪ ’ਚ ਕਈ ਪਿੰਡਾਂ ਦੇ ਲੋਕ ਜਿਨ੍ਹਾਂ ਦੇ ਕੱਚੇ ਮਕਾਨ ਹਨ ਉਨ੍ਹਾਂ ਨੇ ਸਰਕਾਰ ਦੀ ਡੇਢ ਲੱਖ ਰੁਪਏ ਦਾ ਸਹਾਇਤਾ ਰਾਸ਼ੀ ਯੋਜਨਾ ਦਾ ਲਾਭ ਲੈਣ ਲਈ ਪਹੁੰਚੇ ਸਨ ਪਰ ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਕੈਂਪ ’ਚ ਸਬੰਧਿਤ ਕਿਰਤ ਤੇ ਉਸਾਰੀ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ ਜਿਸ ਕਾਰਨ ਉਹ ਵੀ ਮਾਯੂਸ ਹੋ ਕੇ ਪਰਤੇ। ਇਸ ਮੌਕੇ ਸ਼ਹਿਰ ਦੇ ਗਰੀਬ ਪਰਿਵਾਰਾਂ ਵੱਲੋਂ ਆਪਣੇ ਮਕਾਨ ਪੱਕੇ ਕਰਵਾਉਣ ਲਈ ਗਰਾਂਟ ਦੇ ਫਾਰਮ ਭਰਨ ਵਾਸਤੇ ਨਗਰ ਕੌਂਸਲ ਦੇ ਅਧਿਕਾਰੀ ਮੌਜੂਦ ਸਨ।
ਗਰਾਂਟ ਹੜੱਪਣ ਵਾਲੇ ਏਜੰਟ ਸਰਗਰਮ
ਪੰਜਾਬ ਸਰਕਾਰ ਵਲੋਂ ਵੱਖ-ਵੱਖ ਯੋਜਨਾਵਾਂ ਤਹਿਤ ਗਰੀਬਾਂ ਨੂੰ ਮਿਲਦੀ ਗਰਾਂਟ ਵਿੱਚੋਂ ਠੂੰਗਾ ਮਾਰਨ ਲਈ ਭ੍ਰਿਸ਼ਟ ਏਜੰਟ ਵੀ ਸਰਗਰਮ ਹਨ, ਜਿਹੜੇ ਸਬੰਧਤ ਵਿਭਾਗਾਂ ਨਾਲ ਕਥਿਤ ਮਿਲੀਭੁਗਤ ਕਰਕੇ ਅਜਿਹਾ ਕਰਦੇ ਹਨ। ਸਰਕਾਰ ਵਲੋਂ ਗਰੀਬਾਂ ਲਈ ਕੱਚੇ ਤੋਂ ਪੱਕੇ ਮਕਾਨ ਬਣਾਉਣ ਲਈ ਕਰੀਬ ਡੇਢ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਂਦੀ ਹੈ ਅਤੇ ਮਾਛੀਵਾੜਾ ਇਲਾਕੇ ’ਚ ਕਈ ਅਜਿਹੇ ਏਜੰਟ ਸਰਗਰਮ ਹਨ ਜੋ ਕਿ ਕਿਰਤ ਵਿਭਾਗ ਤੋਂ ਇਨ੍ਹਾਂ ਲਾਭਪਾਤਰੀਆਂ ਦੀ ਸੂਚੀ ਲੈ ਕੇ ਪਰਿਵਾਰਾਂ ਨਾਲ ਸੰਪਰਕ ਕਰਦੇ ਹਨ ਕਿ ਉਨ੍ਹਾਂ ਨੂੰ ਇਹ ਡੇਢ ਲੱਖ ਰੁਪਏ ਦੀ ਰਾਸ਼ੀ ਤੁਰੰਤ ਦਿਵਾ ਦੇਣਗੇ ਜਿਸ ਬਦਲੇ 30 ਤੋਂ 40 ਹਜ਼ਾਰ ਰੁਪਏ ਅਫ਼ਸਰਸ਼ਾਹੀ ਨੂੰ ਦੇਣਾ ਪਵੇਗਾ। ਇਸ ਸਬੰਧੀ ਗੱਲ ਕਰਨ ’ਤੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਤੁਰੰਤ ਐੱਸਡੀਐੱਮ ਸਮਰਾਲਾ ਤੇ ਹੋਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗਰੀਬਾਂ ਦੀ ਲੁੱਟ ਬਿਲਕੁਲ ਬਰਦਾਸ਼ਤ ਨਹੀਂ ਹੋਵੇਗੀ ਅਤੇ ਇਲਾਕੇ ’ਚ ਜੇਕਰ ਕੋਈ ਅਜਿਹਾ ਏਜੰਟ ਗਰੋਹ ਸਰਗਰਮ ਹੈ ਤਾਂ ਉਸ ਨੂੰ ਬੇਨਕਾਬ ਕੀਤਾ ਜਾਵੇ।