ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਜਨਵਰੀ
ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ 31 ਜਨਵਰੀ ਨੂੰ ਕੇਂਦਰ ਸਰਕਾਰ ਖ਼ਿਲਾਫ਼ ਪੰਜਾਬ ਵਿੱਚ ਵਿਸ਼ਵਾਸਘਾਤ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਅੱਜ ਇੱਥੇ ਜਦੇਬੰਦੀ ਦੀ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਯੂਨੀਅਨ ਦੇ ਅਹੁਦੇਦਾਰ, ਅਗਜ਼ੈਕਟਿਵ ਮੈਂਬਰ ਅਤੇ ਸਾਰੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਏ। ਇਸ ਮੌਕੇ ਸ੍ਰੀ ਲੱਖੋਵਾਲ ਨੇ ਕਿਹਾ ਕਿ 31 ਜਨਵਰੀ ਨੂੰ ਸਾਰੇ ਦੇਸ਼ ਅੰਦਰ ਕੇਂਦਰ ਸਰਕਾਰ ਵਿਰੁੱਧ ਵਿਸ਼ਵਾਸ਼ਘਾਤ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਫਤਰਾਂ, ਐੱਸਡੀਐੱਮ ਦਫ਼ਤਰਾਂ ਅਤੇ ਤਹਿਸੀਲ ਦਫਤਰਾਂ ਮੂਹਰੇ ਸਵੇਰੇ 11 ਵਜੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਅਤੇ ਝੂਠੀਆਂ ਸਹੁੰਆਂ ਖਾ ਕੇ ਸਰਕਾਰ ਬਣਾਈ ਤੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਝੂਠੀਆਂ ਸਹੁੰਆਂ ਖਾਣ ਵਾਲਿਆਂ ਨੂੰ ਅਤੇ ਵਾਅਦੇ ਵਫਾ ਨਾ ਕਰਨ ਵਾਲਿਆਂ ਨੂੰ ਇਨ੍ਹਾਂ ਚੋਣਾਂ ਵਿੱਚ ਸਬਕ ਸਿਖਾਉਣ ਤਾਂ ਜੋ ਕਿ ਹੋਰ ਕੋਈ ਵੀ ਸਿਆਸੀ ਪਾਰਟੀ ਇਸ ਤਰ੍ਹਾਂ ਝੂਠੇ ਵਾਅਦੇ ਕਰਕੇ ਸੱਤਾ ਨਾ ਹਥਿਆ ਸਕੇ। ਇਸ ਮੌਕੇ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਸਾਨ ਆਗੂ ਦੇ ਮੁੱਖ ਮੰਤਰੀ ਚਿਹਰੇ ਦੀ ਚਰਚਾ ਛੇੜ ਕੇ ਸੰਯੁਕਤ ਕਿਸਾਨ ਮੋਰਚੇ ਵਿੱਚ ਫੁੱਟ ਦਾ ਬੀਜ ਬੀਜਿਆ ਤੇ ਕਿਸਾਨ ਆਗੂਆਂ ਦੀ ਏਕਤਾ ਨੂੰ ਤੋੜਿਆ ਹੈ ਅਤੇ ਉਹ ਭਾਜਪਾ ਨਾਲ ਰਲ ਕੇ ਕਿਸਾਨ ਅਤੇ ਪੰਜਾਬ ਵਿਰੋਧੀ ਨੀਤੀ ’ਤੇ ਚੱਲ ਰਿਹਾ ਹੈ। ਮੀਟਿੰਗ ਵਿੱਚ ਰਾਮਕਰਨ ਸਿੰਘ ਰਾਮਾ ਸਕੱਤਰ ਜਨਰਲ, ਪਰਮਿੰਦਰ ਸਿੰਘ ਪਾਲਮਾਜਰਾ, ਗੁਰਵਿੰਦਰ ਸਿੰਘ ਕੂੰਮ ਕਲਾਂ, ਪ੍ਰਸ਼ੋਤਮ ਸਿੰਘ ਗਿੱਲ, ਸਿਮਰਜੀਤ ਸਿੰਘ ਘੁੱਦੂਵਾਲ, ਹਰਮਿੰਦਰ ਸਿੰਘ ਖਹਿਰਾ, ਨਿਰਮਲ ਸਿੰਘ ਝੰਡੂਕੇ ਹਾਜ਼ਰ ਸਨ।