ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਨੀਲੇ ਕਾਰਡ ਕੱਟ ਕੇ ਗਰੀਬ ਦੇ ਮੂੰਹ ਵਿਚੋਂ ਰੋਟੀ ਖੋਹਣ ਵਾਲੀ ਸਰਕਾਰ ਨੂੰ ਕਦੀ ਵੀ ਮਾਫ਼ ਨਹੀਂ ਕਰਨਗੇ ਕਿਉਂਕਿ ਇਸ ਵੱਲੋਂ ਸਿਆਸੀ ਬਦਲਾਖ਼ੋਰੀ ਦੀ ਨੀਤੀ ਤਹਿਤ ਕੰਮ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਅੱਜ ਵਾਰਡ ਨੰਬਰ 37 ਵਿੱਚ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਕੀਤੀ ਮੀਟਿੰਗ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਗਰੀਬ ਲੋਕਾਂ ਨੂੰ ਕਈ ਸਹੂਲਤਾਂ ਦੇਣ ਅਤੇ ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਨਹੀਂ ਬਣੇ ਸਨ ਉਨ੍ਹਾਂ ਦੇ ਕਾਰਡ ਬਣਾ ਕੇ ਸਸਤਾ ਰਾਸ਼ਨ ਦੇਣ ਦਾ ਵਾਅਦਾ ਕੀਤਾ ਸੀ। ਪਰ ਸੱਤਾ ਤੇ ਕਾਬਜ਼ ਹੁੰਦੇ ਹੀ ਸਾਰੇ ਵਾਅਦੇ ਭੁੱਲ ਕੇ ਸਰਕਾਰ ਨੇ ਗਰੀਬਾਂ ਲਈ ਤੁਗਲਕੀ ਫੁਰਮਾਨ ਜਾਰੀ ਕ ਰਕੇ ਸਸਤੇ ਰਾਸ਼ਨ ਦੀ ਸਹੂਲਤ ਖੋਹ ਲਈ ਹੈ। ਇਸ ਮੌਕੇ ਇਲਾਕ਼ਾ ਨਿਵਾਸੀਆਂ ਵੱਲੋਂ ਸਾਬਕਾ ਵਿਧਾਇਕ ਬੈਂਸ ਨੂੰ ਸਨਮਾਨਿਤ ਵੀ ਕੀਤਾ ਗਿਆ। ਮੀਟਿੰਗ ਦੌਰਾਨ ਕੌਂਸਲਰ ਇੰਦਰਜੀਤ ਸਿੰਘ ਲੋਟੇ, ਜਸਵਿੰਦਰ ਸਿੰਘ ਪਨੇਸਰ, ਅਮਨ ਪਨੇਸਰ, ਸੁਖਵੀਰ ਸਿੰਘ ਪਨੇਸਰ, ਗੁਰਮੀਤ ਸਿੰਘ, ਮਨਜੀਤ ਮਨੀ, ਇਸ਼ਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ