ਗਗਨਦੀਪ ਅਰੋੜਾ
ਲੁਧਿਆਣਾ, 14 ਜੂਨ
ਸਨਅਤੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਤੇ ਪਾਣੀ ਨਾ ਮਿਲਣ ਕਾਰਨ ਲੋਕ ਖਾਸੇ ਪ੍ਰੇਸ਼ਾਨ ਹੋਏ। ਕਈ ਖੇਤਰਾਂ ਵਿਚ ਪਿਛਲੇ 24 ਘੰਟੇ ਤੋਂ ਲਗਾਤਾਰ ਬਿਜਲੀ ਨਾ ਹੋਣ ਕਾਰਨ ਪਾਣੀ ਨਹੀਂ ਆਇਆ ਜਿਸ ਕਰਕੇ ਲੋਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੋਈ। ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਦੇ ਨੇੜਲੇ ਲੋਕਾਂ ਨੂੰ ਵਧ ਸਮਾਂ ਬਿਜਲੀ ਤੇ ਪਾਣੀ ਤੋਂ ਬਿਨਾਂ ਕੱਟਣਾ ਪਿਆ। ਕਈ ਜਣਿਆਂ ਨੇ ਜਨਰੇਟਰ ਕਿਰਾਏ ’ਤੇ ਲਿਆ ਕੇ ਰਾਤ ਕੱਟੀ। ਦੂਜੇ ਪਾਸੇ ਨਗਰ ਨਿਗਮ ਨੇ ਸਵੇਰ ਵੇਲੇ ਪਾਣੀ ਦੇ ਟੈਂਕਰ ਭੇਜ ਕੇ ਪਾਣੀ ਮੁਹੱਈਆ ਕਰਵਾਇਆ।
ਪ੍ਰੇਮ ਨਗਰ, ਕ੍ਰਿਸ਼ਨਾ ਨਗਰ, ਨਿਊ ਪ੍ਰੇਮ ਨਗਰ, ਘੁਮਾਰ ਮੰਡੀ, ਫੁਆਰਾ ਚੌਕ ਵਿੱਚ 24 ਘੰਟੇ ਤੋਂ ਬਿਜਲੀ ਬੰਦ ਸੀ। ਇਨ੍ਹਾਂ ਖੇਤਰਾਂ ਵਿਚ 20 ਘੰਟੇ ਤੱਕ ਪਾਵਰਕੌਮ ਵਿਭਾਗ ਨੂੰ ਬਿਜਲੀ ਦਾ ਨੁਕਸ ਨਹੀਂ ਲੱਭਿਆ। ਇਹ ਨੁਕਸ ਅੱਜ ਸਵੇਰ ਪਤਾ ਲੱਗਿਆ। ਉਸ ਤੋਂ ਬਾਅਦ ਵਿਭਾਗ ਦੇ ਮੁਲਾਜ਼ਮ ਬਿਜਲੀ ਠੀਕ ਕਰਨ ਲੱਗੇ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ 24 ਘੰਟੇ ਤੋਂ ਜ਼ਿਆਦਾ ਸਮਾਂ ਬੰਦ ਰਹੀ। ਇਸ ਬਾਰੇ ਕਾਫ਼ੀ ਵਾਰ ਸ਼ਿਕਾਇਤਾਂ ਕੀਤੀਆਂ ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਮੁਸ਼ਕਲ ਉਸ ਵੇਲੇ ਹੋਈ, ਜਦੋਂ ਪਾਣੀ ਨਹੀਂ ਆਇਆ।
ਟਿਊਬਵੈਲਾਂ ’ਤੇ ਬਿਜਲੀ ਨਾ ਹੋਣ ਕਾਰਨ ਪਾਣੀ ਨਹੀਂ ਆਇਆ। ਇਹ ਪਤਾ ਲੱਗਿਆ ਹੈ ਕਿ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਸ਼ੁੱਕਰਵਾਰ ਰਾਤ 9.30 ਵਜੇ ਦੇ ਕਰੀਬ ਬਿਜਲੀ ਦੀ ਸਪਲਾਈ ਠੀਕ ਕੀਤੀ। ਤਪਦੀ ਗਰਮੀ ਹੋਣ ਕਾਰਨ ਲੋਕਾਂ ਨੇ ਜਨਰੇਟਰ ਕਿਰਾਏ ’ਤੇ ਲਿਆ ਕੇ ਗੁਜ਼ਾਰਾ ਕੀਤਾ। ਪਾਣੀ ਦੀ ਸਪਲਾਈ ਨਾ ਹੋਣ ਕਾਰਨ ਨਗਰ ਨਿਗਮ ਦੀਆਂ ਟੀਮਾਂ ਇਲਾਕੇ ਵਿੱਚ ਤਾਇਨਾਤ ਰਹੀਆਂ। ਨਗਰ ਨਿਗਮ ਨੇ 15 ਟੈਂਕਰਾਂ ਰਾਹੀਂ ਇਨ੍ਹਾਂ ਇਲਾਕਿਆਂ ਵਿੱਚ ਪਾਣੀ ਸਪਲਾਈ ਕੀਤਾ।
ਗਰਮ ਹਵਾਵਾਂ ਨੇ ਸਮੱਸਿਆ ਹੋਰ ਵਧਾਈ
ਸਨਅਤੀ ਸ਼ਹਿਰ ਵਿੱਚ ਅੱਜ ਤਾਪਮਾਨ ਦੀ ਗੱਲ ਕਰੀਏ ਤਾਂ ਵੱਧੋਂ ਵੱਧ ਤਾਪਮਾਨ 43 ਡਿਗਰੀ ਰਿਹਾ ਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਦਰਜ ਕੀਤਾ ਗਿਆ। ਦੁਪਹਿਰ ਵੇਲੇ ਗਰਮ ਹਵਾਵਾਂ ਨੇ ਲੋਕਾਂ ਦੇ ਪਸੀਨੇ ਕੱਢ ਦਿੱਤੇ। ਦੁਪਹਿਰ ਵੇਲੇ ਤਪਦੀ ਗਰਮੀ ਕਾਰਨ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਸੁੰਨੀਆਂ ਹੀ ਰਹੀਆਂ ਤੇ ਲੋਕਾਂ ਨੇ ਘਰਾਂ ਅੰਦਰ ਰਹਿਣ ਨੂੰ ਹੀ ਤਰਜੀਹ ਦਿੱਤੀ। ਮੌਸਮ ਵਿਭਾਗ ਮੁਤਾਬਕ ਲੁਧਿਆਣਾ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੌਸਮ ਅਜਿਹਾ ਹੀ ਰਹੇਗਾ। ਹਾਲੇ ਮੀਂਹ ਦੇ ਕੋਈ ਆਸਾਰ ਨਹੀਂ ਹਨ।