ਦੇਵਿੰਦਰ ਸਿੰਘ ਜੱਗੀ
ਪਾਇਲ, 18 ਮਈ
ਬੀਜਾ ਰੋਡ ਪਾਇਲ ’ਚ ਲੱਗੀ ਪਰਾਲੀ ਤੋਂ ਗੈਸ ਬਣਾਉਣ ਵਾਲੀ ਫੈਕਟਰੀ ਵਿਰੁੱਧ ਇਲਾਕੇ ਵਿੱਚ ਰੋਹ ਵਧਦਾ ਜਾ ਰਿਹਾ ਹੈ। ਇਸ ਫੈਕਟਰੀ ਦੇ ਮਾੜੇ ਪ੍ਰਭਾਵਾਂ ਨੂੰ ਮੁੱਖ ਰੱਖਦਿਆਂ ਸਮੂਹ ਸ਼ਹਿਰ ਨਿਵਾਸੀ, ਦੁਕਾਨਦਾਰ, ਕਿਸਾਨ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਇਕੱਠ ਸੰਗਮ ਪੈਲਸ ਵਿੱਚ ਹੋਇਆ, ਜਿਸ ਵਿੱਚ ਵਾਤਾਵਰਣ ਪ੍ਰੇਮੀ, ਕਲੱਬਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਭਾਵੇਂ ਇਹ ਗੈਸ ਫੈਕਟਰੀ ਅਜੇ ਚੱਲੀ ਨਹੀਂ ਪਰ ਲੋਕਾਂ ਵੱਲੋਂ ਇਸ ਦੇ ਮਾੜੇ ਪ੍ਰਭਾਵਾਂ, ਬਦਬੂ ਤੇ ਬੀਮਾਰੀਆਂ ਫੈਲਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਕਾਰਗੁਜ਼ਾਰੀ ਵਿਰੁੱਧ ਰੱਜ ਕੇ ਭੜਾਸ ਕੱਢਦਿਆਂ ਕਿਹਾ ਕਿ ਇਹ ਗੈਸ ਫੈਕਟਰੀਆਂ ‘ਆਪ’ ਸਰਕਾਰ ਦੇ ਇਸ਼ਾਰੇ ’ਤੇ ਲੱਗ ਰਹੀਆਂ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਗੈਸ ਫੈਕਟਰੀ ਦੇ ਚੱਲਣ ਤੋਂ ਪਹਿਲਾਂ ਹੀ ਇਸ ’ਤੇ ਰੋਕ ਲਾਈ ਜਾਵੇ। ਇਸ ਮੌਕੇ ਪ੍ਰਧਾਨ ਮਲਕੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਗੈਸ ਫੈਕਟਰੀ ਵਿਰੁੱਧ ਇੱਕ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇ, ਜੋ ਇਸ ਖ਼ਿਲਾਫ਼ ਪਹਿਰਾ ਦੇਣ ਸਬੰਧੀ ਫੈਸਲਾ ਲਵੇਗੀ।