ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਨਵੰਬਰ
ਸ਼ਿਵ ਸੈਨਾ ਆਗੂਆਂ ਦੇ ਘਰਾਂ ’ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ’ਚ ਫਰਾਰ ਮੁਲਜ਼ਮ ਲਵਪ੍ਰੀਤ ਸਿੰਘ ਬਾਬਾ ਨੂੰ ਹਿਮਾਚਲ ਪ੍ਰਦੇਸ਼ ਵਿੱਚ ਦੇਖਿਆ ਗਿਆ ਹੈ। ਸੂਤਰ ਦੱਸਦੇ ਹਨ ਕਿ ਮੁਲਜ਼ਮ ਗੜ੍ਹਸ਼ੰਕਰ ਰਾਹੀਂ ਹਿਮਾਚਲ ਵਿੱਚ ਦਾਖਲ ਹੋਇਆ ਹੈ ਤੇ ਸਾਧੂ ਦੇ ਭੇਸ ਵਿੱਚ ਹੋਣ ਕਰਕੇ ਉਹ ਆਸਾਨੀ ਨਾਲ ਧਾਰਮਿਕ ਡੇਰਿਆਂ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਪੁਲੀਸ ਅਨੁਸਾਰ ਟੀਮਾਂ ਨੂੰ ਹਿਮਾਚਲ ਪ੍ਰਦੇਸ਼ ਭੇਜਿਆ ਗਿਆ ਸੀ। ਉਨ੍ਹਾਂ ਨੂੰ ਮੁਲਜ਼ਮ ਬਾਰੇ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲੀਸ ਨੇ ਹਿਮਾਚਲ ਪ੍ਰਦੇਸ਼ ਪੁਲੀਸ ਨਾਲ ਮਿਲ ਕੇ ਦੋ-ਤਿੰਨ ਡੇਰਿਆਂ ’ਤੇ ਛਾਪਾਮਾਰੀ ਵੀ ਕੀਤੀ ਪਰ ਮੁਲਜ਼ਮ ਲਵਪ੍ਰੀਤ ਬਾਬਾ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਥੋਂ ਲਿਕਲ ਗਿਆ ਸੀ। ਪੁਲੀਸ ਵੱਲੋਂ ਉਸ ਦੀ ਭਾਲ ਵਿੱਚ ਕਈ ਥਾਈਂ ਛਾਪਾਮਾਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਕੱਟੜਪੰਥੀਆਂ ਖ਼ਿਲਾਫ਼ ਬਿਆਨ ਦੇਣ ਵਾਲੇ ਸ਼ਿਵ ਸੈਨਾ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਉਲੀਕੀ ਗਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਕਈ ਅਜਿਹੇ ਆਗੂਆਂ ਦੇ ਨਾਂ ਲਏ ਹਨ, ਜੋ ਲਗਾਤਾਰ ਕੱਟੜਪੰਥੀਆਂ ਖ਼ਿਲਾਫ਼ ਬੋਲਦੇ ਹਨ ਤੇ ਇਨ੍ਹਾਂ ਆਗੂਆਂ ਦੇ ਘਰਾਂ ’ਤੇ ਵੀ ਹਮਲੇ ਕਰਨ ਦੀ ਯੋਜਨਾ ਉਲੀਕੀ ਗਈ ਸੀ। ਪੁਲੀਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਹੋ ਚੁੱਕੇ ਅਤੇ ਗ੍ਰਿਫ਼ਤ ’ਚੋਂ ਬਾਹਰ ਮੁਲਜ਼ਮਾਂ ਦੀ ਪਿਛਲੇ ਸਮੇਂ ਦੌਰਾਨ ਕੀ ਚਹਿਲ-ਪਹਿਲ ਰਹੀ ਹੈ ਇਸ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਪਿਛਲੇ ਸਮੇਂ ਦੌਰਾਨ ਕਿਸ ਕਿਸ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਇੱਕ ਦੂਜੇ ਨਾਲ ਕਿੰਨੀ ਵਾਰ ਸੰਪਰਕ ਕੀਤਾ ਸੀ।
ਮੁਲਜ਼ਮਾਂ ਦੇ ਕਾਲ ਰਿਕਾਰਡ ਜਾਂਚ ਰਹੀ ਹੈ ਪੁਲੀਸ
ਪੁਲੀਸ ਹਰਜੀਤ ਸਿੰਘ ਹੈਪੀ ਦੀ ਭਾਲ ’ਚ ਵੀ ਛਾਪਾਮਾਰੀ ਕਰ ਰਹੀ ਹੈ। ਪੁਲੀਸ ਮੁਲਜ਼ਮਾਂ ਦੇ ਕਾਲ ਰਿਕਾਰਡ ਵੀ ਜਾਂਚ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਮੁਲਜ਼ਮਾਂ ਨੇ ਕਿੰਨੀ ਵਾਰ ਇੱਕ ਦੂਜੇ ਨਾਲ ਗੱਲ ਕੀਤੀ ਤੇ ਕਦੋਂ ਤੋਂ ਮੁਲਜ਼ਮਾਂ ਦੀ ਪਲਾਨਿੰਗ ਚੱਲ ਰਹੀ ਸੀ। ਏਡੀਸੀਪੀ ਕਰਾਈਮ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਬਾਬੇ ਦੀ ਭਾਲ ਵਿੱਚ ਪੁਲੀਸ ਟੀਮਾਂ ਹਿਮਾਚਲ ਰਵਾਨਾ ਹੋ ਗਈਆਂ ਹਨ। ਉਸ ਦੇ ਨਾਲ ਹੀ ਹੈਪੀ ਦੀ ਵੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।