ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 5 ਅਕਤੂਬਰ
ਭਾਰਤ ਮਾਲਾ ਪ੍ਰਾਜੈਕਟ ਤਹਿਤ ਕੱਢੀਆਂ ਜਾ ਰਹੀਆਂ ਸੜਕਾਂ ਦੀ ਮਾਰ ਹੇਠ ਆਉਣ ਵਾਲੇ ਕਿਸਾਨਾਂ-ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਅੱਜ ਦਸਹਿਰੇ ਦੇ ਤਿਉਹਾਰ ਮੌਕੇ ਵੀ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਪਿੰਡ ਕੋਟ ਆਗਾ ਵਿਚ ਮੋਰਚਾ ਭਖਾਈ ਰੱਖਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਸਾਹਮਣੇ 9 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਮੋਰਚੇ ਦੀ ਤਿਆਰੀ ਲਈ ਕਿਸਾਨ ਆਗੂ ਅਤੇ ਬੀਬੀਆਂ ਦੇ ਜਥੇ ਪਿੰਡਾਂ ਵਿਚ ਵਿਉਂਤਬੰਦੀ ਲਈ ਮੀਟਿੰਗਾਂ ਕਰਦੇ ਰਹੇ। ਕਿਸਾਨ ਆਗੂ ਚਰਨਜੀਤ ਸਿੰਘ ਫੱਲੇਵਾਲ, ਬਲਵੰਤ ਸਿੰਘ ਘੁਡਾਣੀ, ਕੁਲਦੀਪ ਸਿੰਘ ਗੁੱਜਰਵਾਲ, ਜਸਵੀਰ ਸਿੰਘ ਕੋਟ ਆਗਾ, ਪਰਮਜੀਤ ਸਿੰਘ ਕੋਟ ਆਗਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ਉੱਪਰ ਵੀ ਕਿਸਾਨ ਅੰਦੋਲਨ ਨੇ ਦਿਨ-ਤਿਉਹਾਰ ਮੋਰਚੇ ਵਿਚ ਹੀ ਮਨਾਉਣ ਦਾ ਰਾਹ ਦਿਖਾਇਆ ਸੀ। ਹੁਣ ਵੀ ਜਿੱਤ ਤੱਕ ਪੈਰ ਪਿਛਾਂਹ ਨਾ ਕਰਨ ਦਾ ਤਹੱਈਆ ਕਰ ਕੇ ਘਰੋਂ ਤੁਰੇ ਹਨ। ਕਿਸਾਨ ਆਗੂ ਦਰਸ਼ਨ ਸਿੰਘ ਫੱਲੇਵਾਲ, ਜਗਵਿੰਦਰ ਸਿੰਘ ਹਿਮਾਂਯੂਪੁਰਾ, ਸ਼ਿੰਗਾਰਾ ਸਿੰਘ ਬੀਹਲਾ ਨੇ ਦੱਸਿਆ ਕਿ ਵੱਖ-ਵੱਖ ਮੀਟਿੰਗਾਂ ਦੌਰਾਨ ਸੰਗਰੂਰ ਵਿਚ ਅਣਮਿਥੇ ਸਮੇਂ ਦੇ ਧਰਨੇ ਦੀ ਤਿਆਰੀ ਲਈ ਬਲਾਕ ਪੱਖੋਵਾਲ ਦੇ ਪਿੰਡਾਂ ਵਿਚੋਂ ਟਰੈਕਟਰ-ਟਰਾਲੀਆਂ ਦੇ ਵੱਡੇ ਕਾਫ਼ਲੇ ਬੰਨ੍ਹ ਕੇ ਤੁਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ।