ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜੁਲਾਈ
ਕੇਸਰਗੰਜ ਪਲਾਸਟਿਕ ਮੈਨਿਊਫੈਕਚਰਿੰਗ ਐਸੋਸੀਏਸ਼ਨ ਦੇ ਮੈਂਬਰਾਂ ਨੇ ਅੱਜ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਅਪੀਲ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਚਿੱਠੀ ਦਿੱਤੀ ਅਤੇ ਮੰਗ ਕੀਤੀ ਕਿ ਸੂਬਾ ਸਰਕਾਰ ਦੇ ਵੱਲੋਂ 75 ਮਾਈਕ੍ਰੋਨ ਦੇ ਲਿਫ਼ਾਫਿਆਂ ’ਤੇ ਲਾਈ ਪਾਬੰਦੀ ਹਟਾਇਆ ਜਾਵੇ। ਵਪਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਲਾਗੂ ਕੀਤੇ ਗਏ ਕਾਨੂੰਨ ’ਚ 75 ਮਾਈਕ੍ਰੋਨ ਤੋਂ ਉੱਪਰ ਦੀ ਕੈਟਾਗਿਰੀ ਦੀ ਵਿਕਰੀ ’ਤੇ ਪਾਬੰਦੀ ਨਹੀਂ ਹੈ। ਨਾਲ ਹੀ ਦੱਸਿਆ ਕਿ ਕਿਵੇਂ ਵਪਾਰ ਤੋਂ ਪ੍ਰੇਸ਼ਾਨ ਹੋ ਕੇ ਪਿਛਲੇ ਦਿਨੀਂ ਇੱਕ ਲਿਫ਼ਾਫ਼ਾ ਵਪਾਰੀ ਨੇ ਖ਼ੁਦਕੁਸ਼ੀ ਕਰ ਲਈ ਸੀ। ਉਨ੍ਹਾਂ ਨੇ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਤੱਕ ਉਨ੍ਹਾਂ ਦੀ ਆਵਾਜ਼ ਪਹੁੰਚਾਉਣ ਅਤੇ ਖ਼ੁਦਕੁਸ਼ੀ ਲਈ ਮਜਬੂਰ ਹੋ ਰਹੇ ਪਲਾਸਟਿਕ ਕਾਰੋਬਾਰੀਆਂ ਦੀ ਜ਼ਿੰਦਗੀ ਬਚਾਉਣ ਲਈ ਉਨ੍ਹਾਂ ਦੀ ਮੰਗ ਮੰਨੀ ਜਾਵੇ।
ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਕਟਾਰੀਆ, ਚੇਅਰਮੈਨ ਸੁਨੀਲ ਕਟਾਰੀਆ, ਜਨਰਲ ਸਕੱਤਰ ਪੁਨੀਤ ਮਖੀਜਾ ਨੇ ਦੱਸਿਆ ਕਿ ਸਰਕਾਰ ਦੇ ਫ਼ੈਸਲਿਆਂ ਕਾਰਨ ਸ਼ਹਿਰ ਵਿੱਚ ਪਿਛਲੇ ਦਿਨੀਂ ਇੱਕ ਲਿਫ਼ਾਫਾ ਕਾਰੋਬਾਰੀ ਵਿੱਕੀ ਗਾਬਾ ਨੇ ਖ਼ੁਦਕੁਸ਼ੀ ਕਰ ਲਈ ਸੀ। ਸੂਬਾ ਸਰਕਾਰ ਪਲਾਸਟਿਕ ਵਪਾਰ ਨੂੰ ਬਰਬਾਦ ਕਰਨ ਵਾਲੇ ਆਪਣੇ ਫ਼ੈਸਲੇ ਨੂੰ ਵਾਪਸ ਲਵੇ, ਨਹੀਂ ਤਾਂ ਸੈਂਕੜੇ ਵਪਾਰੀਆਂ ਦਾ ਵਪਾਰ ਖ਼ਤਮ ਹੋ ਜਾਵੇਗਾ।
ਵਿਧਾਇਕ ਪੱਪੀ ਨੇ ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਲਾਗੂ ਕੀਤੇ ਕਾਨੂੰਨ ਨੂੰ ਪੰਜਾਬ ’ਚ ਵੀ ਲਾਗੂ ਕਰਵਾਉਣ ਦਾ ਭਰੋਸਾ ਦਿਵਾਇਆ ਤੇ ਕਿਹਾ ਕਿ ਉਹ ਜਲਦੀ ਹੀ ਮੁੱਖ ਮੰਤਰੀ ਸਣੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਤੇ ਇਸ ਸਮੱਸਿਆ ਦਾ ਹੱਲ ਕੱਢਣਗੇ।
ਇਸ ਮੌਕੇ ਰਾਜੂ ਚਾਵਲਾ, ਨਰੇਸ਼ ਕਵਾਤਰਾ, ਅਸ਼ੋਕ ਗਾਬਾ, ਤਰੁਣ ਗਾਬਾ, ਸੁਰਿੰਦਰ ਪਪਨੇਜਾ, ਟਿੰਮੀ ਗਾਬਾ, ਹਰਮਨਜੋਤ ਸਿੰਘ, ਗੁਰਚਰਨ ਸਿੰਘ, ਰਜਿੰਦਰ ਖੁਰਾਣਾ, ਰਾਜੇਸ਼ ਟੋਨੀ ਆਦਿ ਮੌਜੂਦ ਸਨ।