ਦੇਵਿੰਦਰ ਸਿੰਘ ਜੱਗੀ
ਪਾਇਲ, 21 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਜੀਰਖ ਵੱਲੋਂ ਕਿਸਾਨਾਂ-ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਨੂੰ ਜਥੇਬੰਦ ਕਰਨ ਲਈ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਹੋਈ। ਇਸ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਨਾਟਕ ਮੇਲਾ ਕਰਵਾਇਆ ਗਿਆ। ਪੀਪਲਜ਼ ਆਰਟ ਪਟਿਆਲਾ ਦੀ ਟੀਮ ਨੇ ਸੱਤਪਾਲ ਬੰਗਾ ਦੀ ਨਿਰਦੇਸ਼ਨਾ ਹੇਠ ‘ਜਿਨ੍ਹਾਂ ਦੀ ਅਣਖ ਜਿਊਂਦੀ ਹੈ” ਨਾਟਕ ਖੇਡ ਕੇ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਨਾਟਕ ਟੀਮ ਨੇ ਕਾਲੇ ਖੇਤੀ ਕਾਨੂੰਨਾਂ ਦੀ ਵਿਆਖਿਆ ਕਰਦਿਆਂ ਇਨ੍ਹਾਂ ਦੇ ਸਮਾਜ ਦੇ ਵੱਡੇ ਹਿੱਸੇ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਦਰਸਾ ਕੇ ਮੋਦੀ ਸਰਕਾਰ ਖਿਲਾਫ ਜੂਝਣ ਲਈ ਪ੍ਰੇਰਿਆ ।ਵੱਡੀ ਗਿਣਤੀ ਇਕੱਠੇ ਹੋਏ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਪਰਮਵੀਰ ਘਲੋਟੀ, ਲਖਵਿੰਦਰ ਸਿੰਘ ਉਕਸੀ, ਬਲਵੰਤ ਸਿੰਘ ਘੁਡਾਣੀ ਨੇ ਕਿਸਾਨਾਂ-ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਲੋਕਾਂ ਦੀ ਏਕਤਾ ਦੇ ਮਹੱਤਵ ਨੂੰ ਬਿਆਨਦੇ ਹੋਏ ਇਨ੍ਹਾਂ ਦੀ ਏਕਤਾ ਅਤੇ ਤਿੱਖੇ ਸੰਘਰਸ਼ਾਂ ’ਤੇ ਜ਼ੋਰ ਦਿੱਤਾ। ਆਗੂਆਂ ਨੇ ਦਿੱਲੀ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਵੱਡੇ ਕਾਫਲੇ ਭੇਜਣ, ਸੰਸਦ ਦੇ ਚੱਲ ਰਹੇ ਸੈਸ਼ਨ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਵਾਲੰਟੀਅਰ ਭੇਜਣ ਦੀ ਅਪੀਲ ਕੀਤੀ।