ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 3 ਅਗਸਤ
ਇਲਾਕੇ ਦੇ ਕਿਸਾਨਾਂ ਨੂੰ ਕਿਸਾਨ ਸੰਘਰਸ਼ ਲਈ ਲਾਮਬੰਦ ਕਰਨ ਦੇ ਮਕਸਦ ਨਾਲ ਉਲੀਕੇ ਪ੍ਰੋਗਰਾਮ ਤਹਿਤ ਅੱਜ ਇਥੇ ਪੰਜ ਪਿੰਡਾਂ ’ਚ ਮੀਂਹ ਦੇ ਬਾਵਜੂਦ ਨੁੱਕੜ ਨਾਟਕ ਖੇਡੇ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਜਗਰਾਉਂ ਦੀ ਕਮੇਟੀ ਵੱਲੋਂ ਵਿਉਂਤੇ ਪ੍ਰੋਗਰਾਮ ਤਹਿਤ ਨਾਟਕ ਨਿਰਵਿਘਨ ਚੱਲੇ। ਸਾਰੇ ਹੀ ਪਿੰਡਾਂ ’ਚ ਮਰਦ-ਔਰਤਾਂ ਤੇ ਕਿਸਾਨਾਂ-ਮਜ਼ਦੂਰਾਂ ਨੇ ਉਤਸ਼ਾਹ ਨਾਲ ਇਨ੍ਹਾਂ ਸਮਾਗਮਾਂ ’ਚ ਭਾਗ ਲਿਆ। ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ’ਚ ਇਤਿਹਾਸਿਕ ਪਿੰਡ ਸ਼ੇਰਪੁਰ ਕਲਾਂ ਤੋਂ ਸ਼ੁਰੂ ਇਹ ਨੁੱਕੜ ਨਾਟਕ ਮੁਹਿੰਮ ਸ਼ੇਰਪੁਰ ਖੁਰਦ, ਅਮਰਗੜ੍ਹ ਕਲੇਰਾਂ, ਕੋਠੇ ਬੱਗੂ ਅਤੇ ਡਾਂਗੀਆਂ ਪਿੰਡਾਂ ’ਚ ਗਈ। ਇਨ੍ਹਾਂ ਸਾਰੇ ਪਿੰਡਾਂ ’ਚ ਪੀਪਲਜ਼ ਆਰਟ ਥੀਏਟਰ ਪਟਿਆਲਾ ਦੀ ਟੀਮ ਨੇ ਕਿਸਾਨੀ ਸੰਘਰਸ਼ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਲੋਕ ਮਨਾਂ ਨੂੰ ਹਲੂਣਾ ਦਿੰਦਾ ਨਾਟਕ ‘ਅਣਖ ਜਿਨ੍ਹਾਂ ਦੀ ਜਿਉਂਦੀ ਹੈ’ ਖੇਡ ਕੇ ਤਿੰਨ ਖੇਤੀ ਕਾਨੂੰਨਾਂ ਦੇ ਮਾੜੇ ਅਸਰਾਂ ਤੋਂ ਜਾਣੂ ਕਰਵਾਇਆ। ‘ਰਾਜ ਲੁਟੇਰਿਆਂ ਦਾ ਇਕ ਆਵੇ ਇਕ ਜਾਵੇ’ ਕਵੀਸ਼ਰੀ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ। ਇਸ ਸਮੇਂ ਆਪਣੇ ਸੰਬੋਧਨ ’ਚ ਕਿਸਾਨ ਆਗੂ ਸੁਰਜੀਤ ਸਿੰਘ ਕਾਉਂਕੇ (ਦੌਧਰ) ਅਤੇ ਗੁਰਪ੍ਰੀਤ ਸਿੰਘ ਸਿੱਧਵਾਂ ਨੇ ਕਿਸਾਨਾਂ ਮਜ਼ਦੂਰਾਂ ਨੂੰ ਦਿੱਲੀ ਕਿਸਾਨ ਸੰਘਰਸ਼ ਦੀ ਮਜ਼ਬੂਤੀ ਲਈ ਪਹਿਲਾਂ ਵਾਂਗ ਵੱਡੇ ਜਥੇ ਭੇਜਣ ਦਾ ਪਿੰਡ ਵਾਸੀਆਂ ਨੂੰ ਸੱਦਾ ਦਿੱਤਾ। ਇਸ ਸਮੇਂ ਅਰਜਨ ਸਿੰਘ ਖੇਲਾ, ਬਲੌਰ ਸਿੰਘ ਸ਼ੇਰਪੁਰ, ਜਗਜੀਤ ਸਿੰਘ ਕਲੇਰ, ਅਵਤਾਰ ਸਿੰਘ, ਮਨਦੀਪ ਸਿੰਘ ਕੋਠੇ ਬੱਗੂ, ਬਲਜੀਤ ਸਿੰਘ ਡਾਂਗੀਆਂ ਆਦਿ ਹਾਜ਼ਰ ਸਨ।