ਲੁਧਿਆਣਾ: ਕਮਲਾ ਲੋਹਟੀਆ ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਵਿਭਾਗ ਦੇ ਥੀਏਟਰ ਗਰੁੱਪ ਰੈੱਡ ਅਲਰਟਸ ਵੱਲੋਂ ‘ਆਖ਼ਰ ਕਦੋਂ ਤੱਕ’ ਨੁੱਕੜ ਨਾਟਕ ਖੇਡਿਆ ਗਿਆ। ਨਸ਼ੇ ਦੀ ਆਦਤ ਦੇ ਖਤਰੇ ਤੋਂ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਇਸ ਨੁੱਕੜ ਨਾਟਕ ਵਿੱਚ ਦੀਪਕ ਨਿਆਜ਼, ਦਿਲਬਰ ਖਾਨ ਅਤੇ ਖੁਸ਼ਪ੍ਰੀਤ ਬਾਵਾ ਨੇ ਨਸ਼ਿਆਂ ਕਾਰਨ ਸਮਾਜ ਵਿੱਚ ਪੈਦਾ ਹੋ ਰਹੀਆਂ ਸਮੱਸਿਆਵਾਂ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਇਸ ਨਾਟਕ ਦੀ ਸਮਾਪਤੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕਿ ਆਪਣੇ ਕਰੀਅਰ ਅਤੇ ਚੰਗੇ ਭਵਿੱਖ ਪ੍ਰਤੀ ਸੋਚਣ ਦਾ ਸੁਨੇਹਾ ਦਿੰਦਿਆਂ ਹੋਈ। ਪ੍ਰਿੰਸੀਪਲ ਡਾ. ਮੁਹੰਮਦ ਸਲੀਮ ਨੇ ਇਸ ਨਾਟਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੰਗਮੰਚ ਸਮਾਜਿਕ ਸੰਦੇਸ਼ ਦੇਣ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੁਨੀਲ ਅਗਰਵਾਲ, ਸੰਦੀਪ ਅਗਰਵਾਲ, ਸੰਦੀਪ ਜੈਨ, ਬ੍ਰਿਜ ਮੋਹਨ ਰਲਹਨ ਅਤੇ ਸ਼ਮਨ ਜਿੰਦਲ ਨੇ ਵੀ ਅਜਿਹੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ। -ਖੇਤਰੀ ਪ੍ਰਤੀਨਿਧ