ਸਤਵਿੰਦਰ ਬਸਰਾ
ਲੁਧਿਆਣਾ, 9 ਮਾਰਚ
ਰੰਗ ਮੰਚ ਰੰਗ ਨਗਰੀ ਦੇ ਸਹਿਯੋਗ ਨਾਲ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕ ਕਰਨ ਹਿੱਤ ‘ਆਟੇ ਦੀਆਂ ਚਿੜੀਆਂ’ ਨਾਟਕ ਦਾ ਸਫਲ ਮੰਚਨ ਕੀਤਾ ਗਿਆ। ਨਾਟਕ ਦੇ ਡਾਇਰੈਕਟਰ ਮਨਦੀਪ ਸਿੰਘ ਅਤੇ ਸੰਸਥਾ ਦੇ ਪ੍ਰਧਾਨ ਸੁਖਧੀਰ ਸਿੰਘ ਦੀ ਅਗਵਾਈ ਹੇਠ ਇਹ ਨਾਟਕ ਸਥਾਨਕ ਮੋਤੀ ਨਗਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਖੇਡਿਆ ਗਿਆ। ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਕਿਹਾ ਕਿ ‘ਆਟੇ ਦੀਆਂ ਚਿੜੀਆਂ’ ਨਾਟਕ ਰਾਹੀਂ ਕਲਾਕਾਰਾਂ ਨੇ ਔਰਤ ਦੇ ਬਚਪਨ ਤੋਂ ਲੈ ਕੇ ਵਿਆਹੁਤਾ ਜੀਵਨ ਤੱਕ ਦੇ ਹਾਲਾਤਾਂ ਦੀ ਬਾਖੂਬੀ ਪੇਸ਼ਕਾਰੀ ਕੀਤੀ। ਨਾਟਕ ’ਚ ਦੱਸਿਆ ਕਿ ਲੜਕੀ ਦੀਆਂ ਰੀਝਾਂ ਨੂੰ ਬਚਪਨ ਤੋਂ ਹੀ ਦੱਬਿਆ ਜਾਂਦਾ ਹੈ। ਜਵਾਨੀ ਵਿੱਚ ਸਮਾਜ ਤੋਂ ਬਚਾਉਣ ਲਈ ਉਸ ਨੂੰ ਘਰ ਵਿੱਚ ਰਹਿਣ ਲਈ ਬੰਦਿਸ਼ਾਂ ਲਗਾ ਦਿੱਤੀਆਂ ਜਾਂਦੀਆਂ ਹਨ। ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਪੜ੍ਹਨ ਦੀ ਉਮਰ ਵਿੱਚ ਹੀ ਵਿਆਹ ਦਿੱਤਾ ਜਾਂਦਾ ਹੈ। ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਦਹੇਜ਼ ਪ੍ਰਤੀ ਤਾਹਨੇ ਮਾਰਦੇ ਅਤੇ ਹੋਰ ਕਾਰਨਾਂ ਕਰਕੇ ਅਖੀਰ ਲੜਕੀ ਨੂੰ ਸਾੜ ਦਿੱਤਾ ਜਾਂਦਾ ਹੈ। ਨਾਟਕ ਅਨੁਸਾਰ ਇਸ ਤਰ੍ਹਾਂ ਇੱਕ ਲੜਕੀ ਦੇ ਸਾਰੇ ਅਰਮਾਨ ਪੂਰੇ ਹੋਏ ਬਿਨਾਂ ਹੀ ਖਤਮ ਹੋ ਜਾਂਦੇ ਹਨ।