ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਜੁਲਾਈ
ਸਨਅਤੀ ਸ਼ਹਿਰ ਦੇ ਪੌਸ਼ ਇਲਾਕੇ ਗੁਰਦੇਵ ਨਗਰ ਵਿੱਚ ਅੱਜ ਕਰੋਨਾ ਪਾਬੰਦੀਆਂ ਨੂੰ ਛਿੱਕੇ ਟੰਗ ਕੇ ਪਲੇਅ ਵੇਅ ਸਕੂਲ ਚਲਾਇਆ ਜਾ ਰਿਹਾ ਸੀ। ਹਾਲਾਂਕਿ ਪੰਜਾਬ ਸਰਕਾਰ ਨੇ ਕਈ ਪਾਬੰਦੀਆਂ ਨੂੰ ਖ਼ਤਮ ਕਰ ਦਿੱਤਾ ਹੈ, ਪਰ ਸਖ਼ਤ ਹੁਕਮ ਇਹ ਵੀ ਜਾਰੀ ਕੀਤੇ ਗਏ ਹਨ ਕਿ ਸਕੂਲ ਹਾਲੇ ਨਹੀਂ ਖੋਲ੍ਹੇ ਜਾਣਗੇ, ਪਰ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਗੁਰਦੇਵ ਨਗਰ ਇਲਾਕੇ ’ਚ ਲਿਟਲ ਕਿੰਗਡਮ ਸਕੂਲ ਵੱਲੋਂ ਮਨਾਹੀ ਦੇ ਬਾਵਜੂਦ ਸਕੂਲ ਚਲਾਇਆ ਜਾ ਰਿਹਾ ਸੀ। ਸਕੂਲ ’ਚ ਬੱਚਿਆਂ ਨੂੰ ਸਵੇਰੇ ਪਰਿਵਾਰ ਵਾਲੇ ਛੱਡ ਕੇ ਜਾਂਦੇ ਤੇ ਦੁਪਹਿਰ ਨੂੰ ਲੈ ਕੇ ਜਾ ਰਹੇ ਹਨ। ਇਸ ਗੱਲ ਦੀ ਭਿਣਕ ਜਦੋਂ ਮੀਡੀਆ ਨੂੰ ਲੱਗੀ ਤਾਂ ਕਵਰੇਜ ਕਰਨ ਪੁੱਜੇ ਮੀਡੀਆ ਕਰਮੀਆਂ ਨਾਲ ਵੀ ਸਕੂਲ ਵੱਲੋਂ ਮਾੜਾ ਚੰਗਾ ਬੋਲਿਆ ਗਿਆ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਅੰਦਰ ਚੈਕਿੰਗ ਕੀਤੀ ਤਾਂ ਅੰਦਰ ਬੱਚੇ ਬੈਠੇ ਹੋਏ ਹਨ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਗੁਰਦੇਵ ਨਗਰ ਇਲਾਕੇ ’ਚ 2 ਸਾਲ ਤੋਂ ਸਾਢੇ ਤਿੰਨ ਸਾਲ ਦੇ ਬੱਚਿਆਂ ਲਈ ਕਾਫ਼ੀ ਵੱਡਾ ਪਲੇਅ ਵੇਅ ਸਕੂਲ ਬਣਿਆ ਹੋਇਆ ਹੈ। ਕਰੋਨਾ ਕਾਰਨ ਸਕੂਲ ਕਾਫ਼ੀ ਸਮੇਂ ਤੋਂ ਬੰਦ ਸੀ। ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪਾਬੰਦੀਆਂ ਹਟਾਈਆਂ ਗਈਆਂ ਸਨ, ਪਰ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸਖ਼ਤ ਹੁਕਮ ਦਿੱਤੇ ਸਨ ਕਿ ਕੋਈ ਵੀ ਸਕੂਲ ਨਹੀਂ ਖੋਲ੍ਹ ਸਕੇਗਾ। ਜ਼ਿਲ੍ਹਾ ਪ੍ਰਸਾਸ਼ਨ ਨੇ ਵੀ ਸਕੂਲ ਬੰਦ ਦੇ ਹੁਕਮ ਜਾਰੀ ਕੀਤੇ ਸਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਰੋਜ਼ਾਨਾ ਪਲੇਅ ਵੇਅ ਸਕੂਲ ਖੋਲ੍ਹਿਆ ਜਾ ਰਿਹਾ ਸੀ ਤੇ ਬੱਚੇ ਆ ਰਹੇ ਸਨ।
ਇਸ ਦੌਰਾਨ ਸਕੂਲ ਪੁੱਜੇ ਮੀਡੀਆ ਕਰਮੀਆਂ ਨਾਲ ਸਕੂਲ ਪ੍ਰਬੰਧਕਾਂ ਨੇ ਮਾੜਾ ਵਿਵਹਾਰ ਕੀਤਾ ਤੇ ਬੁਰੇ ਸ਼ਬਦ ਕਹੇ। ਜਦੋਂ ਸਕੂਲ ਵਾਲਿਆਂ ਤੋਂ ਸਕੂਲ ਖੋਲ੍ਹਣ ਦੀ ਆਗਿਆ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਸਕੂਲ ਵਾਲਿਆਂ ਸਿਰਫ਼ ਇਹੀ ਕਿਹਾ ਕਿ ਉਨ੍ਹਾਂ ਬੱਚਿਆਂ ਨੂੰ ਸਿਰਫ਼ ਹੋਮਵਰਕ ਦੇਣ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲੀਸ ਮੌਕੇ ’ਤੇ ਪੁੱਜੀ। ਐਸਐਚਓ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਜਦੋਂ ਉਹ ਸਕੂਲ ਅੰਦਰ ਗਏ ਤਾਂ ਬੱਚੇ ਬੈਠੇ ਹੋਏ ਸਨ। ਸਕੂਲ ਪ੍ਰਬੰਧਕਾਂ ਇਸ ਬਾਰੇ ਕੋਈ ਜਵਾਬ ਨਹੀਂ ਦੇ ਸਕੇ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਜਾਂਚ ਪੂਰੀ ਹੋਣ ’ਤੇ ਕਰ ਦਿੱਤੀ ਜਾਵੇਗੀ।