ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਅਗਸਤ
ਪੰਜਾਬ ਗੀਤਕਾਰ ਮੰਚ ਵੱਲੋਂ ਵਿਸ਼ਵ ਪ੍ਰਸਿੱਧ ਗੀਤਕਾਰ ਇੰਦਰਜੀਤ ਹਸਨਪੁਰੀ ਦੇ ਜਨਮ ਦਿਨ ਮੌਕੇ ਕਵੀ ਦਰਬਾਰ ਤੇ ਵਿਚਾਰ ਚਰਚਾ ਕਰਵਾਈ ਗਈ। ਇਸ ਮੌਕੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ. ਸਰਜੀਤ ਸਿੰਘ ਗਿੱਲ ਨੇ ਕਿਹਾ ਕਿ ਇੰਦਰਜੀਤ ਹਸਨਪੁਰੀ ਸਿਰਫ਼ ਗੀਤਕਾਰ, ਫਿਲਮਕਾਰ ਤੇ ਲੋਕ ਕਵੀ ਸੀ। ਪੰਜਾਬੀ ਗੀਤਕਾਰ ਮੰਚ ਲੁਧਿਆਣਾ (ਪੰਜਾਬ) ਦੇ ਪ੍ਰਧਾਨ ਸਰਬਜੀਤ ਸਿੰਘ ਵਿਰਦੀ ਨੇ ਕਿਹਾ ਕਿ ਉਹ ਚੌਵੀ ਕੈਰਿਟ ਦਾ ਸ਼ੁੱਧ ਸੋਨੇ ਵਰਗਾ ਗੀਤਕਾਰ ਸੀ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਇੰਦਰਜੀਤ ਹਸਨਪੁਰੀ ਦੀ ਇੱਕੋ ਲੰਮੀ ਕਵਿਤਾ ਦੀ ਪੁਸਤਕ ਨੂੰ ਮੁੜ ਪੜ੍ਹਨ ਤੇ ਵਿਚਾਰਨ ਦੀ ਲੋੜ ਹੈ। ਪੰਜਾਬੀ ਲੋਕ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆ ਨੇ ਕਿਹਾ ਕਿ ਹਰਦੇਵ ਦਿਲਗੀਰ ਥਰੀਕੇ ਵਾਲਿਆਂ ਸਮੇਤ ਗੀਤਕਾਰੀ ਵਿੱਚ ਪ੍ਰੇਰਨਾ ਸਰੋਤ ਸਨ। ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਪ੍ਰਸਿੱਧ ਲੇਖਿਕਾ ਮਨਦੀਪ ਕੌਰ ਭੰਮਰਾ ਨੇ ਕਿ ਇੰਦਰਜੀਤ ਹਸਨਪੁਰੀ ਸਿਰਫ਼ ਗੀਤਕਾਰ ਨਹੀਂ ਸਗੋਂ ਬੁਲੰਦ ਵਾਰਤਕਕਾਰ ਤੇ ਸਾਹਿਤਕ ਕਵੀ ਸਨ। ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਵਰਗੀ ਇੰਦਰਜੀਤ ਹਸਨਪੁਰੀ ਦੇ ਲਿਖੇ ਗੀਤ ਮੈਂ ਗੱਭਰੂ ਪੰਜਾਬ ਦਾ ਮੇਰੀਆਂ ਰੀਸਾਂ ਕੌਣ ਕਰੇ? ਨਾਲ ਮੁਹੰਮਦ ਸਦੀਕ ਨੂੰ ਸੰਗੀਤ ਜਗਤ ਵਿੱਚ ਵਿਸ਼ੇਸ਼ ਸਥਾਨ ਤੇ ਪਛਾਣ ਮਿਲੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਨੇ ਇੰਦਰਜੀਤ ਹਸਨਪੁਰੀ ਨਾਲ ਬਿਤਾਏ ਹੋਏ ਦਿਨਾਂ ਨੂੰ ਯਾਦ ਕੀਤਾ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਹਸਨਪੁਰੀ ਸਾਹਿਬ ਦੀ ਆਪਣੀ ਸਾਫ ਸੁਥਰੀ ਲਿਖਣੀ ਕਰਕੇ ਪੰਜਾਬੀ ਸੱਭਿਆਚਾਰਕ ਗੀਤਾਂ ਉੱਤੇ ਚੰਗੀ ਪਕੜ ਸੀ। ਇਸ ਮੌਕੇ ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ, ਡਾ. ਗੁਰਇਕਬਾਲ ਸਿੰਘ, ਕੇ. ਸਾਧੂ ਸਿੰਘ, ਪਾਲੀ ਦੇਤਵਾਲੀਆ, ਡਾ. ਗੁਰਚਰਨ ਕੌਰ ਕੋਚਰ, ਬਲਜਿੰਦਰ ਕੌਰ ਕਲਸੀ ਆਦਿ ਹਾਜ਼ਰ ਸਨ।