ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਅਗਸਤ
ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਭਰਾਤਰੀ ਜਥੇਬੰਦੀਆਂ ਵੱਲੋਂ ਅੱਜ ਥਾਣਾ ਹਠੂਰ ਦਾ ਦੂਜੀ ਵਾਰ ਘਿਰਾਓ ਕੀਤਾ ਗਿਆ। ਧਰਨਾਕਾਰੀ ਨੇੜਲੇ ਪਿੰਡ ਲੱਖਾ ਦੇ ਬਿਰਧ ਜੋੜੇ ਹਰੀ ਚੰਦ ਅਤੇ ਉਸ ਦੀ ਪਤਨੀ ਸ਼ਾਂਤੀ ਦੇਵੀ ਦੇ ਕਾਤਲਾਂ ਨੂੰ ਫੌਰੀ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ। ਇਸੇ ਮੰਗ ਲਈ ਛੇ ਜੁਲਾਈ ਨੂੰ ਥਾਣੇ ਦਾ ਘਿਰਾਓ ਕਰਕੇ ਪੁਲੀਸ ਨੂੰ 31 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਸੀ। ਇੰਨੇ ਦਿਨ ਬਾਅਦ ਵੀ ਕੋਈ ਕਾਰਵਾਈ ਅਮਲ ’ਚ ਨਾ ਆਈ ਹੋਣ ਕਰਕੇ ਇਨ੍ਹਾਂ ਜਥੇਬੰਦੀਆਂ ਨੇ ਅੱਜ ਮੁੜ ਥਾਣੇ ਦਾ ਘਿਰਾਓ ਕੀਤਾ। ਧਰਨਾਕਾਰੀਆਂ ’ਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਕਿ ਦੋਹਰੇ ਕਤਲ ਕਾਂਡ ਨੂੰ ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਪੁਲੀਸ ਵੱਲੋਂ ਕਥਿਤ ਢਿੱਲੀ ਕਾਰਵਾਈ ਕਰਕੇ ਕਾਤਲਾਂ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਨੇ ਪੁਲੀਸ ਨੂੰ ਕਾਰਵਾਈ ਲਈ 20 ਦਿਨ ਅਲਟੀਮੇਟਮ ਦਿੰਦਿਆਂ ਕਿਹਾ ਕਿ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਚਕਰ, ਇੰਟਰਨੈਸ਼ਨਲ ਪੰਥਕ ਦਲ ਦੇ ਆਗੂ ਹਰਚੰਦ ਸਿੰਘ, ਅਮਨਦੀਪ ਸਿੰਘ ਸੇਖੋਂ, ਪੰਚ ਬਲੌਰ ਸਿੰਘ ਆਦਿ ਨੇ ਕਿਹਾ ਕਿ ਪੁਲੀਸ ਦੋਹਰੇ ਕਤਲ ਕਾਂਡ ’ਚ ਕੋਈ ਕਾਰਵਾਈ ਕਰਨ ’ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਬਜ਼ੁਰਗ ਜੋੜੇ ਦਾ ਘਰ ’ਚ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਹਰੀ ਚੰਦ ਨੂੰ ਕਤਲ ਕਰਕੇ ਕਾਤਲਾਂ ਨੇ ਲਾਸ਼ ਘਰ ’ਚ ਹੀ ਦੱਬ ਦਿੱਤੀ ਜੋ ਬਾਅਦ ’ਚ ਬਰਾਮਦ ਹੋਈ। ਪਰ ਪੁਲੀਸ ਵੱਲੋਂ ਡੇਢ ਮਹੀਨੇ ਬਾਅਦ ਬਾਅਦ ਵੀ ਠੋਸ ਕਾਰਵਾਈ ਨਾ ਹੋਣ ਅਤੇ ਕਤਲ ਦੀ ਗੁੱਥੀ ਸੁਲਝਾ ਕੇ ਕਾਤਲ ਗ੍ਰਿਫਤਾਰ ਨਾ ਕਰਨ ਕਰਕੇ ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੇ ਲੋਕਾਂ ’ਚ ਭਾਰੀ ਰੋਹ ਹੈ। ਇਸ ਮੌਕੇ ਗੁਰਮੀਤ ਸਿੰਘ ਸੰਧੂ, ਊਧਮ ਸਿੰਘ ਚਕਰ, ਜਗਮੋਹਨ ਸਿੰਘ, ਗੁਰਚਰਨ ਸਿੰਘ ਰਸੂਲਪੁਰ, ਗੁਰਦੇਵ ਸਿੰਘ ਚਕਰ, ਬਲਬੀਰ ਸਿੰਘ ਮਾਣੂੰਕੇ ਆਦਿ ਕਿਸਾਨ ਆਗੂ ਧਰਨੇ ’ਚ ਸ਼ਾਮਲ ਹੋਏ।
ਥਾਣਾ ਮੁਖੀ ਵੱਲੋਂ 20 ਦਿਨਾਂ ਵਿੱਚ ਕਾਰਵਾਈ ਦਾ ਭਰੋਸਾ
ਥਾਣਾ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਧਰਨੇ ’ਚ ਆ ਕੇ ਵੀਹ ਦਿਨਾਂ ਅੰਦਰ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।