ਲੁਧਿਆਣਾ: ਪੁਲੀਸ ਵੱਲੋਂ ਭਿਖਾਰੀਆਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਵੱਖ-ਵੱਖ ਇਲਾਕਿਆਂ ਵਿੱਚੋਂ ਨੌਂ ਭਿਖਾਰੀਆਂ ਨੂੰ ਭੀਖ ਮੰਗਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਡਿਵੀਜ਼ਨ ਨੰਬਰ ਅੱਠ ਦੇ ਇਲਾਕੇ ਵਿੱਚੋਂ ਕਾਬੂ ਕੀਤੇ ਗਏ ਸਾਰੇ ਭਿਖਾਰੀਆਂ ਉੱਪਰ ਇੱਕ ਹੀ ਦੋਸ਼ ਲਗਾਇਆ ਗਿਆ ਹੈ ਕਿ ਇਹ ਭਿਖਾਰੀ ਸੜਕ ’ਤੇ ਖੜ੍ਹੇ ਲੋਕਾਂ ਕੋਲੋਂ ਭੀਖ ਮੰਗ ਰਹੇ ਸਨ ਜਿਸ ਨਾਲ ਆਵਾਜਾਈ ਵਿੱਚ ਵਿਘਨ ਪੈ ਰਿਹਾ ਸੀ। ਥਾਣਾ ਡਿਵੀਜ਼ਨ ਨੰਬਰ ਅੱਠ ਦੇ ਥਾਣੇਦਾਰ ਸੁਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਫੁਹਾਰਾ ਚੌਕ ਵਿੱਚ ਭੀਖ ਮੰਗ ਰਹੇ ਉੱਤਰ ਪ੍ਰਦੇਸ਼ ਵਾਸੀ ਸ਼ਿਵ ਵਿਲਾਸ, ਕਮਲ ਕੁਮਾਰ ਵਾਸੀ ਬਸੰਤ ਨਗਰ ਸ਼ਿਮਲਾਪੁਰੀ ਅਤੇ ਬੰਟੀ ਵਾਸੀ ਫ਼ਤਹਿਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣੇਦਾਰ ਜਨਕ ਰਾਜ ਦੀ ਅਗਵਾਈ ਹੇਠ ਡੇਵਿਡ ਵਾਸੀ ਮੁਗਲ ਸਰਾਏ (ਉੱਤਰ ਪ੍ਰਦੇਸ਼), ਦੇਵੀ ਲਾਲ ਵਾਸੀ ਰਾਮਗੰਜ ਮੰਡੀ (ਰਾਜਸਥਾਨ) ਅਤੇ ਮਹਿੰਦਰ ਪ੍ਰਸਾਦ ਵਾਸੀ ਰਾਂਚੀ (ਬਿਹਾਰ) ਨੂੰ ਰੱਖ ਬਾਗ਼ ਤੋਂ ਦੁਰਗਾ ਮਾਤਾ ਮੰਦਰ ਜਗਰਾਉਂ ਪੁਲ ਨੇੜਲੀ ਸੜਕ ’ਤੇ ਭੀਖ ਮੰਗਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਏਐਸਆਈ ਪ੍ਰੇਮ ਚੰਦ ਨੇ ਰੋਜ਼ ਗਾਰਡਨ ਤੋਂ ਗੌਰਮਿੰਟ ਕਾਲਜ ਵਾਲੀ ਸੜਕ ’ਤੇ ਭੀਖ ਮੰਗਦਿਆਂ ਸੁਨੀਲ ਕੁਮਾਰ, ਬਾਬੂ ਲਾਲ ਅਤੇ ਅਨਿਲ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ