ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਜੂਨ
ਪੁਲੀਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਕੋਵਿਡ 19 ਦੇ ਚੱਲਦਿਆਂ ਸ਼ਹਿਰ ਵਾਸੀਆਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਦੇਣ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ। ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਪੁਲੀਸ (ਟਰੈਫਿਕ) ਸੁਖਪਾਲ ਸਿੰਘ ਬਰਾੜ ਅਤੇ ਸਹਾਇਕ ਕਮਿਸ਼ਨਰ ਪੁਲੀਸ (ਸਾਈਬਰ ਕਰਾਈਮ) ਰੁਪਿੰਦਰ ਕੌਰ ਭੱਟੀ ਵੱਲੋਂ ਟਰੈਫਿਕ ਪੁਲੀਸ ਕਰਮੀਆਂ ਦੀ ਇਮੂਨਿਟੀ ਨੂੰ ਵਧਾਉਣ ਲਈ ਉਪਰਾਲਾ ਕੀਤਾ ਗਿਆ ਹੈ। ਇਸੇ ਸਬੰਧੀ ਸਥਾਨਕ ਪੁਲੀਸ ਲਾਈਨਜ਼ ਵਿੱਚ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸ਼ਹਿਰ ਨਾਲ ਸਬੰਧਤ ਹੋਮਿਓਪੈਥੀ ਡਾਕਟਰ ਡਾ. ਵੀਨੂੰ ਕੁਮਾਰ ਨੇ ਵਕਤਾ ਵਜੋਂ ਹਾਜ਼ਰੀ ਭਰੀ। ਡਾ. ਵੀਨੂੰ ਨੇ ਦੱਸਿਆ ਕਿ ਲੁਧਿਆਣਾ ਪੁਲੀਸ ਇਸ ਵੇਲੇ ਨਿਰਸਵਾਰਥ ਸੇਵਾ ਨਿਭਾਅ ਰਹੀ ਹੈ, ਜਿਸ ਕਰਕੇ ਉਨ੍ਹਾਂ ਨੇ ਪੁਲੀਸ ਕਰਮੀਆਂ ਲਈ ਸਪੈਸ਼ਲ ‘ਇਮਿਊਨਿਟੀ ਸ਼ਾਟ’ (ਪੀਣ ਵਾਲੀ ਦਵਾਈ) ਮੁਫ਼ਤ ਮੁਹੱਈਆ ਕਰਾਉਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਪੁਲੀਸ ਕਰਮੀਆਂ ਨੂੰ ਮੌਜੂਦਾ ਸਮੇਂ ਬਿਮਾਰੀ ਨਾਲ ਲੜਨ ਲਈ ਅੰਦਰੂਨੀ ਸਮਰੱਥਾ ਨੂੰ ਵਧਾਉਣ ਲਈ ਕਈ ਨੁਕਤੇ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਜੂਸ ਵਰਗੀ ਇਸ ਦਵਾਈ ਵਿੱਚ ਉਹ ਸਾਰੇ ਖੁਰਾਕੀ ਤੱਤ ਪਾਏ ਗਏ ਹਨ, ਜੋ ਕਿ ਰੋਗਾਂ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਵਿੱਚ ਵਾਧਾ ਕਰਦੇ ਹਨ। ਡੀਸੀਪੀ ਸੁਖਪਾਲ ਸਿੰਘ ਬਰਾੜ ਨੇ ਦੱਸਿਆ ਕਿ ਡਾ. ਵੀਨੂੰ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਰੋਜ਼ਾਨਾ ਡਿਊਟੀ ’ਤੇ ਤਾਇਨਾਤ ਪੁਲੀਸ ਕਰਮੀਆਂ ਨੂੰ ਇਹ ਦਵਾਈਆਂ ਪਿਲਾਇਆ ਕਰਨਗੇ ਤਾਂ ਜੋ ਡਿਊਟੀ ਦੌਰਾਨ ਉਨ੍ਹਾਂ ਦੀ ਇਮਿਊਨਿਟੀ ਬਣੀ ਰਹੇ।