ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਮਈ
ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਦੇ ਕੋਲ ਹੈਰੀਟੇਜ ਸਟਰੀਟ ‘ਚ ਹੋਏ 2 ਬੰਬ ਧਮਾਕਿਆਂ ਤੋਂ ਬਾਅਦ ਪੰਜਾਬ ‘ਚ ਪੂਰੀ ਤਰ੍ਹਾਂ ਪੁਲੀਸ ਨੇ ਅਲਰਟ ਜਾਰੀ ਕੀਤਾ ਹੋਇਆ ਹੈ। ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖਤ ਪ੍ਰਬੰਧ ਹਨ। ਇਸ ਤਹਿਤ ਪੰਜਾਬ ਪੁਲੀਸ ਨੇ ਵੀ ਚੈਕਿੰਗ ਮੁਹਿੰਮ ਚਲਾਈ। ਇਸ ਤੋਂ ਇਲਾਵਾ ਅਧਿਕਾਰੀਆਂ ਦੀ ਅਗਵਾਈ ‘ਚ ਕਈ ਥਾਵਾਂ ‘ਤੇ ਫਲੈਗ ਮਾਰਚ ਕੀਤੇ ਗਏ। ਲੁਧਿਆਣਾ ਪੁਲੀਸ ਵੱਲੋਂ ਰੇਲਵੇ ਸਟੇਸ਼ਨ ‘ਤੇ ਚੈਕਿੰਗ ਮੁਹਿੰਮ ਚਲਾਈ ਗਈ। ਹਾਲਾਂਕਿ ਬੀਤੇ ਮੰਗਲਵਾਰ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਖੁਦ ਚੈਕਿੰਗ ਲਈ ਲੁਧਿਆਣਾ ਬੱਸ ਅੱਡੇ ‘ਤੇ ਪੁੱਜੇ ਸਨ। ਚੈਕਿੰਗ ਮੁਹਿੰਮ ਦੀ ਅਗਵਾਈ ਦੌਰਾਨ ਡੀਜੀਪੀ ਨੇ ਪੁਲੀਸ ਨੂੰ ਕਈ ਤਰ੍ਹਾਂ ਦੇ ਹੁਕਮ ਜਾਰੀ ਕੀਤੇ ਸਨ।
ਲੁਧਿਆਣਾ ਪੁਲੀਸ ਵੱਲੋਂ ਬੁੱਧਵਾਰ ਦੀ ਸਵੇਰੇ ਰੇਲਵੇ ਸਟੇਸ਼ਨ ‘ਤੇ ਪੈਰਾਮਿਲਟਰੀ ਫੋਰਸ ਨਾਲ ਮਿਲ ਕੇ ਚੈਕਿੰਗ ਮੁਹਿੰਮ ਚਲਾਈ ਗਈ। ਪੁਲੀਸ ਵੱਲੋਂ ਮੌਕੇ ‘ਤੇ ਖੜ੍ਹੀਆਂ ਰੇਲ ਗੱਡੀਆਂ ਨੂੰ ਚੈਕ ਕੀਤਾ ਗਿਆ, ਇਸ ਦੇ ਨਾਲ ਹੀ ਪਲੇਟਫਾਰਮ ‘ਤੇ ਬੈਠੇ ਯਾਤਰੀਆਂ ਦਾ ਸਾਮਾਨ ਵੀ ਚੈਕ ਕੀਤਾ ਗਿਆ। ਇਸ ਦੌਰਾਨ ਪੁਲੀਸ ਵੱਲੋਂ ਆਉਣ ਜਾਣ ਵਾਲੇ ਯਾਤਰੀਆਂ ਨੂੰ ਵੀ ਰੋਕ ਕੇ ਚੈਕ ਕੀਤਾ ਗਿਆ। ਰੇਲਵੇ ਸਟੇਸ਼ਨ ‘ਤੇ ਚੈਕਿੰਗ ਦੌਰਾਨ ਪੁਲੀਸ ਅਧਿਕਾਰੀ ਖੁਦ ਮੌਜੂਦ ਰਹੇ। ਉਧਰ, ਏਸੀਪੀ ਸੰਦੀਪ ਵਢੇਰਾ ਦੀ ਅਗਵਾਈ ‘ਚ ਸ਼ਿਮਲਾਪੁਰੀ ਇਲਾਕੇ ‘ਚ ਫਲੈਗ ਮਾਰਚ ਕੱਢਿਆ ਗਿਆ। ਇਸ ਦੌਰਾਨ ਉਨ੍ਹਾਂ ਦੇ ਸਭ ਡਿਵੀਜ਼ਨ ਦੇ ਥਾਣਿਆਂ ਦੀ ਫੋਰਸ ਤੇ ਪੀਸੀਆਰ ਮੋਟਰਸਾਈਕਲ ਤੇ ਹੋਰ ਕਰਮੀ ਫਲੈਗ ਮਾਰਚ ‘ਚ ਸ਼ਾਮਲ ਹੋਏ। ਏਡੀਸੀਪੀ-3 ਸ਼ੁਭਮ ਅਗਰਵਾਲ ਦੀ ਅਗਵਾਈ ‘ਚ ਫੁਆਰਾ ਚੌਕ ਤੋਂ ਫਲੈਗ ਮਾਰਚ ਕੱਢਿਆ ਗਿਆ। ਫਲੈਗ ਮਾਰਚ ਵੱਖ-ਵੱਖ ਇਲਾਕਿਆਂ ‘ਚੋਂ ਹੁੰਦਾ ਹੋਇਆ ਫੁਆਰਾ ਚੌਕ ਵਿੱਚ 1 ਘੰਟੇ ਬਾਅਦ ਸਮਾਪਤ ਹੋਇਆ। ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਹਲਾਤਾਂ ਤੋਂ ਡਰਨ ਦੀ ਲੋੜ ਨਹੀਂ ਹੈ।