ਜਗਰਾਉਂ (ਪੱਤਰ ਪ੍ਰੇਰਕ):
ਪੁਲੀਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਜ਼ਿਲ੍ਹੇ ਦੇ ਅਧਿਕਾਰ ਖੇਤਰ ’ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਖਤ ਰੁਖ ਅਪਣਾਉਦਿਆਂ ਵੱਡੀ ਗਿਣਤੀ ’ਚ ਤਸਕਰਾਂ ਨੂੰ ਗ੍ਰਿਫਤਾਰੀ ਕਰ ਕੇ ਵੱਡੀ ਮਾਤਰਾ ’ਚ ਨਸ਼ੇ ਬਰਾਮਦ ਕੀਤੇ ਹਨ। ਇਨ੍ਹਾਂ ਪ੍ਰਾਪਤੀਆਂ ਸਬੰਧੀ ਗੱਲਬਾਤ ਕਰਦਿਆਂ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਇਲਾਕੇ ’ਚ ਸਮੱਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ। ਇਸ ਮੁਹਿੰਮ ਦੌਰਾਨ 83 ਸਮੱਗਲਰਾਂ ਨੂੰ ਹਿਰਾਸਤ’ਚ ਲੈ ਕੇ ਉਨ੍ਹਾਂ ਕੋਲੋਂ 1.102 ਕਿੱਲੋ ਹੈਰੋਇਨ,1.790 ਕਿੱਲੋ ਅਫੀਮ,18.780 ਕਿੱਲੋ ਭੁੱਕੀ ਚੂਰਾ ਬਰਾਮਦ ਕੀਤਾ ਗਿਆ ਹੈ। 83 ਸਮੱਗਲਰਾਂ ਦੀ ਨਸ਼ਾ ਤਸਕਰੀ ਵਿਚੋਂ ਬਣਾਈ 9.63 ਕਰੋੜ ਦੀ ਜਾਇਦਾਦ ਅਟੈਚ ਕਰਵਾਈ ਗਈ ਜਦਕਿ 12 ਸਮੱਗਲਰਾਂ ਦੀ 5.23 ਕਰੋੜ ਦੀ ਜਾਇਦਾਦ ਅਟੈਚ ਕਰਵਾਉਣ ਸਬੰਧੀ ਕੇਸ ਕੰਪੀਟੈਂਟ ਅਥਾਰਟੀ ਕੋਲ ਵਿਚਾਰਧੀਨ ਪਏ ਹਨ।ਤਸਕਰਾਂ ਖਿਲ਼ਾਫ ਪੁਲੀਸ ਨੇ 48 ਮੁਕੱਦਮੇ ਦਰਜ ਕੀਤੇ ਹਨ। ਇਸ ਤੋਂ ਇਲਾਵਾ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ।