ਗਗਨਦੀਪ ਅਰੋੜਾ
ਲੁਧਿਆਣਾ, 20 ਜਨਵਰੀ
ਸਨਅਤੀ ਸ਼ਹਿਰ ਵਿੱਚ ਅੱਜ ਚੋਣਾਂ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਪੁਲੀਸ ਵਰਿੰਦਰ ਸਿੰਘ ਬਰਾੜ ਨੇ ਧਾਰਾ 144 ਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਵੱਡੇ ਹੁਕਮ ਜਾਰੀ ਕੇਤੇ ਹਨ। ਆਪਣੇ ਪਹਿਲੇ ਹੁਕਮ ਵਿੱਚ ਪੁਲੀਸ ਅਧਿਕਾਰੀ ਨੇ ਕਿਹਾ ਕਿ ਹੁਣ ਲੁਧਿਆਣਾ ਵਿੱਚ ਸ਼ਰਾਬ ਦੇ ਠੇਕੇ ਰਾਤ 11 ਵਜੇ, ਹੋਟਲ ਤੇ ਢਾਬੇ 11.30 ਵਜੇ ਤੱਕ ਹੀ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਰਾਤ ਵੇਲੇ ਅਜਿਹੀਆਂ ਦੁਕਾਨਾਂ ’ਤੇ ਹੁਲੜਬਾਜ਼ੀ ਕੀਤੀ ਜਾਂਦੀ ਹੈ। ਇਸ ਨਾਲ ਆਮ ਜਨਤਾ ਵਿਚ ਡਰ ਦੀ ਭਾਵਨਾਂ ਪੈਦਾ ਹੁੰਦੀ ਹੈ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਵੀ ਠੇਸ ਪਹੁੰਚਦੀ ਹੈ। ਇਸ ਲਈ ਅਜਿਹੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਆਮ ਪਬਲਿਕ ਵੱਲੋ ਲਾਈਵ ਸ਼ੋਅ ਕਰਵਾਏ ਜਾਂਦੇ ਹਨ। ਇਨ੍ਹਾਂ ਲਾਈਵ ਸ਼ੋਆਂ ਦੌਰਾਨ ਉੱਚੀ ਆਵਾਜ਼ ਵਿੱਚ ਸਾਊਂਡ ਸਿਸਟਮ ਲਗਾਇਆ ਜਾਂਦਾ ਹੈ, ਜਿਸ ਕਾਰਨ ਲੜਾਈ ਝਗੜੇ ਹੋਣ ਅਤੇ ਜਾਨੀ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਵਾਜ ਸਿਸਟਮ ਰਾਹੀਂ ਉੱਚੀ ਆਵਾਜ਼ ਵਿੱਚ ਗਾਣੇ ਵਜਾਉਣ ’ਤੇ ਤੁਰੰਤ ਪਾਬੰਦੀ ਲਗਾਈ ਜਾਂਦੀ ਹੈ। ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ਅੰਦਰ ਪੈਂਦੇ ਪੈਟਰੋਲ ਪੰਪ, ਐੱਲਪੀ ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ਼ ਅਤੇ ਮਨੀ ਐਕਸਚੇਂਜ ਦਫਤਰਾਂ ਦੀ ਸੁਰਖਿਆ ਨੂੰ ਯਕੀਨੀ ਬਣਾਉਣ ਲਈ ਪਬਲਿਕ ਹਿੱਤ ਵਿਚ ਵਿਸ਼ੇਸ਼ ਕਦਮ ਚੁੱਕਣ ਦੀ ਜ਼ਰੂਰਤ ਹੈ। ਉਨ੍ਹਾਂ ਆਪਣੇ ਹੁਕਮਾਂ ਵਿੱਚ ਕਿਹਾ ਕਿ ਅਜਿਹੀਆਂ ਸਭ ਥਾਵਾਂ ਵਿੱਚ ਸੀਸੀਟੀਵੀ ਕੈਮਰੇ ਹੁਕਮ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ-2 ਲਗਾਏ ਜਾਣ ਤਾਂ ਜੋ ਕਿਸੇ ਮੰਦਭਾਗੀ ਘਟਨਾ ਤੋ ਬਚਿਆ ਜਾ ਸਕੇ। ਇਸ ਤੋਂ ਇਲਾਵਾ ਏਟੀਐੱਮਜ਼ ਦੀ ਲੁੱਟ ਅਤੇ ਭੰਨ ਤੋੜ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਤਾਂ ਜੋ ਪਬਲਿਕ ਵਿਚ ਵਿਸ਼ਵਾਸ ਦੀ ਭਾਵਨਾ ਨੂੰ ਬਰਕਰਾਰ ਰੱਖਦਿਆਂ ਪੁਲੀਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਸਥਿਤ ਸਮੂਹ ਏੇਟੀਐਮਜ਼ ’ਤੇ ਸ਼ਾਮ 8 ਤੋ ਸਵੇਰ 6 ਵਜੇ ਤੱਕ ਘੱਟੋ ਘੱਟ ਇੱਕ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦਾ ਹੁਕਮ ਜਾਰੀ ਕੀਤੇ ਗਏ ਹਨ। ਇਸ ਸਮੇ ਦੌਰਾਨ ਬਿਨਾਂ ਸੁਰੱਖਿਆ ਕਰਮਚਾਰੀ ਦੇ ਕੋਈ ਵੀ ਏਟੀਐਮਜ਼ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਹੁਕਮ ਤਰੁੰਤ ਲਾਗੂ ਹੋਣਗੇ। ਉਨ੍ਹਾਂ ਪੁਲੀਸ ਮੁਲਾਜ਼ਮਾਂ ਨੂੰ ਨਾਕੇ ਲਾਉਣ ਦੀ ਵੀ ਹਦਾਇਤ ਜਾਰੀ ਕੀਤੀ ਹੈ।
ਅਹਿਮਦਗੜ੍ਹ ਵਿੱਚ ਪੁਲੀਸ ਨੇ ਲਗਾਏ ਨਾਕੇ
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਸਬ ਡਿਵੀਜ਼ਨ ਅਹਿਮਦਗੜ੍ਹ ਅਧੀਨ ਪੈਂਦੇ ਪੁਲੀਸ ਥਾਣਿਆਂ ਦੇ ਸਟਾਫ਼ ਵੱਲੋਂ ਆਪਣੇ ਆਪਣੇ ਖੇਤਰ ਵਿੱਚੋਂ ਲੰਘਦੇ ਰਸਤਿਆਂ ’ਤੇ ਬਹੁ ਮੰਤਵੀ ਸਪੈਸ਼ਲ ਨਾਕੇ ਲਗਾਏ ਜਾ ਰਹੇ ਹਨ। ਰਸਮੀ ਤੌਰ ’ਤੇ ਆਮ ਲੋਕਾਂ ਵਿੱਚ ਕਰੋਨਾ ਤੋਂ ਬਚਾਅ ਲਈ ਜਾਗਰੂਕਤਾ ਪੈਦਾ ਕਰਨ ਦੇ ਬਹਾਨੇ ਲਗਾਏ ਜਾ ਰਹੇ ਨਾਕਿਆਂ ਤੇ ਜਦੋਂ ਵਾਹਨਾਂ ਦੀਆਂ ਸਵਾਰੀਆਂ ਨੂੰ ਮਾਸਕ ਜਾਂ ਸੈਨੇਟਾਈਜ਼ਰ ਵੰਡਣ ਦੇ ਬਹਾਨੇ ਰੋਕਿਆ ਜਾਂਦਾ ਹੈ ਤਾਂ ਸ਼ੱਕੀ ਵਿਅਕਤੀਆਂ ਦੀ ਪਛਾਣ ਵੀ ਤਸਦੀਕ ਕਰ ਲਈ ਜਾਂਦੀ ਹੈ। ਇਸ ਤੋਂ ਇਲਾਵਾ ਵੱਡੀਆਂ ਨਕਦ ਰਕਮਾਂ, ਨਸ਼ਿਆਂ ਜਾਂ ਨਜਾਇਜ਼ ਹਥਿਆਰਾਂ ਲਈ ਵੀ ਤਲਾਸ਼ੀ ਲਈ ਜਾ ਰਹੀ ਹੈ। ਡੀਐੱਸਪੀ ਅਹਿਮਦਗੜ੍ਹ ਹਰਵਿੰਦਰ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਐੱਸਐੱਸਪੀ ਮਾਕੇਰਕੋਟਲਾ ਡਾ. ਰਵਜੋਤ ਕੌਰ ਗਰੇਵਾਲ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਸਵੇਰ ਤੋਂ ਇਲਾਕੇ ਵਿੱਚ ਵੱਖ ਵੱਖ ਥਾਈਂ ਸਪੈਸ਼ਲ ਨਾਕੇ ਲਗਾਏ ਗਏ ਜੋ ਕਿ ਬਹੁ ਮੰਤਵੀ ਸਿੱਧ ਹੋਏ। ਥਾਣਾ ਸਿਟੀ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਅਤੇ ਥਾਣਾ ਸਦਰ ਦੇ ਮੁਖੀ ਸੰਜੀਵ ਕਪੂਰ ਦੀ ਅਗਵਾਈ ਵਿੱਚ ਜਿੱਥੇ ਆਮ ਲੋਕਾਂ ਨੂੰ ਕਰੋਨਾ ਤੋਂ ਬਚਾਅ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ ਉੱਥੇ ਸ਼ੱਕ ਪੈਣ ’ਤੇ ਸਬੰਧਤ ਵਿਅਕਤੀਆਂ ਕੋਲੋਂ ਆਪਣੀ ਪਛਾਣ ਅਤੇ ਖੇਤਰ ਵਿੱਚ ਆਉਣ ਦੇ ਮੰਤਵ ਬਾਰੇ ਵੀ ਪੁੱਛਿਆ ਗਿਆ। ਇਸ ਦਰਮਿਆਨ ਡੀਸੀ ਮਾਲੇਰਕੋਟਲਾ ਸ੍ਰੀਮਤੀ ਮਾਧਵੀ ਕਟਾਰੀਆ ਨੇ ਦੱਸਿਆ ਹੈ ਕਿ ਸਪੈਸ਼ਲ ਟੀਮਾਂ ਤੋਂ ਇਲਾਵਾ ਸਥਾਨਕ ਪੁਲੀਸ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਜੇ ਕੋਈ ਵੀ ਵਿਅਕਤੀ ਇੱਕ ਲੱਖ ਰੁਪਏ ਤੋਂ ਵੱਧ ਰਕਮ ਲੈ ਕੇ ਜਾਂਦਾ ਹੈ ਤਾਂ ਉਸ ਕੋਲ ਉਸ ਰਕਮ ਦੇ ਸਬੰਧ ਵਿੱਚ ਅਤੇ ਲਿਜਾਣ ਵਾਲੀ ਥਾਂ ਬਾਰੇ ਪੁਖਤਾ ਸਬੂਤ ਹੋਣੇ ਚਾਹੀਦੇ ਹਨ।