ਸਤਵਿੰਦਰ ਬਸਰਾ
ਲੁਧਿਆਣਾ, 19 ਜੂਨ
ਜ਼ਿਲ੍ਹੇ ਭਰ ਵਿੱਚ 23 ਜੂਨ ਤੱਕ ਚੱਲਣ ਵਾਲੇ ਸਬ-ਰਾਸ਼ਟਰੀ ਟੀਕਾਕਰਨ ਦੌਰ (ਐੱਸ.ਐੱਨ.ਆਈ.ਡੀ.) ਦੀ ਸ਼ੁਰੂਆਤ ਅੱਜ ਸਿਵਲ ਸਰਜਨ ਡਾ. ਐੱਸਪੀ ਸਿੰਘ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਵਿੱਚ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਕੇ ਕੀਤੀ ਗਈ।
ਇਸ ਦੌਰਾਨ ਸਿਵਲ ਸਰਜਨ ਡਾ. ਐੱਸ.ਪੀ. ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾ ਪਿਲਾਈਆਂ ਜਾਣਗੀਆਂ, ਜਿਸ ਤਹਿਤ ਕਰੀਬ 1500 ਟੀਮਾਂ ਵੱਲੋਂ 860912 ਘਰਾਂ ਦਾ ਦੌਰਾ ਕਰਦਿਆਂ ਕਰੀਬ 352765 ਬੱਚਿਆਂ ਨੂੰ ਕਵਰ ਕੀਤਾ ਜਾਵੇਗਾ।
ਇਸ ਦੌਰਾਨ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਜ਼ਿਲ੍ਹੇ ਭਰ ਦੇ ਲਗਪਗ 952 ਹਾਈਰਿਸਕ ਖੇਤਰਾਂ ਵਿੱਚ ਪੰਜ ਦਿਨ ਚੱਲੇਗੀ, ਜਿਸ ਵਿੱਚ ਸ਼ਹਿਰ, ਸਾਹਨੇਵਾਲ, ਕੂੰਮਕਲਾ ਅਤੇ ਪੈਰੀ ਅਰਬਨ ਸ਼ਾਮਲ ਹਨ। ਆਮ ਖੇਤਰਾਂ ਵਿਚ ਇਹ ਮੁਹਿੰਮ ਤਿੰਨ ਦਿਨ ਚੱਲੇਗੀ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨੀਸ਼ਾ ਖੰਨਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਰਜੀਤ ਕੌਰ, ਵਿਸ਼ਵ ਸਿਹਤ ਸੰਗਠਨ ਤੋਂ ਡਾ. ਨਵੇਦਿਤਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।