ਦੇਵਿੰਦਰ ਸਿੰਘ ਜੱਗੀ
ਪਾਇਲ, 14 ਜਨਵਰੀ
ਰਿਟਰਨਿੰਗ ਅਫ਼ਸਰ ਪਾਇਲ ਕਮ ਉਪ ਮੰਡਲ ਮੈਜਿਸਟਰੇਟ ਦੀਪਜੋਤ ਕੌਰ ਨੇ ਵਿਧਾਨ ਸਭਾ ਹਲਕਾ ਪਾਇਲ ਦੇ ਵੋਟਰਾਂ ਲਈ 01628276893 ਨੰਬਰ ਜਾਰੀ ਕੀਤਾ ਹੈ ਜਿਸ ’ਤੇ ਸੰਪਰਕ ਕਰਕੇ ਉਹ ਕੋਈ ਵੀ ਸ਼ਿਕਾਇਤ ਜਾਂ ਸਮੱਸਿਆ ਦਰਜ ਕਰਵਾ ਸਕਦੇ ਹਨ। ਜੇਕਰ ਕੋਈ ਵੋਟਰ ਇਸ ਨੰਬਰ ’ਤੇ ਸ਼ਿਕਾਇਤ ਦਰਜ ਕਰਵਾਏਗਾ ਤਾਂ ਉਸ ਲਈ ਤੁਰੱਤ ਟੀਮ ਭੇਜ ਕੇ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤੇ ਨੂੰ ਆਦਰਸ਼ ਰੂਪ ਵਿੱਚ ਲਾਗੂ ਕਰਵਾਉਣ ਲਈ ਵਿਧਾਨ ਸਭਾ ਹਲਕਾ ਪਾਇਲ ਵਿੱਚ ਸਟੈਟਿਕ ਸਰਵੇਲੈਂਸ ਟੀਮਾਂ ਅਤੇ ਉਡਣ ਦਸਤਿਆਂ ਤੇ ਹੋਰ ਟੀਮਾਂ ਦਾ ਗਠਿਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿਸੇ ਵੀ ਸਰਕਾਰੀ ਕੰਮ ਵਿਚ ਸਿਆਸੀ ਵਿਅਕਤੀ ਸ਼ਮੂਲੀਅਤ ਨਹੀਂ ਕਰ ਸਕਣਗੇ। ਸਰਕਾਰੀ ਸਕੀਮ ਤਹਿਤ ਕਿਸੇ ਕਿਸਮ ਦੇ ਵਸਤੂਗਤ ਲਾਭਾਂ ਦੀ ਵੰਡ ਚੋਣ ਜ਼ਾਬਤੇ ਦੌਰਾਨ ਨਹੀਂ ਕਰਨਗੇ। ਚੋਣਾਂ ਵਿੱਚ ਵੋਟਰਾਂ ਨੂੰ ਭਰਮਾਉਣ ਲਈ ਕਰੰਸੀ ਦੀ ਵਰਤੋ ਰੋਕਣ ਲਈ ਚੈਕਿੰਗ ਕਰਨ ਲਈ ਟੀਮਾਂ ਲਗਾਈਆ ਗਈਆਂ ਹਨ। ਇਨ੍ਹਾਂ ਟੀਮਾਂ ਵੱਲੋਂ 24 ਘੰਟੇ ਚੈਕਿੰਗ ਕੀਤੀ ਜਾਵੇਗੀ। ਇਸ ਚੈਕਿੰਗ ਦੌਰਾਨ ਜੇਕਰ ਕੋਈ ਵੀ ਕਰੰਸੀ ਜ਼ਬਤ ਕੀਤੀ ਜਾਂਦੀ ਹੈ ਤਾਂ ਉਸਨੂੰ ਉਸ ਸਮੇਂ ਖਜ਼ਾਨੇ ਵਿਚ ਜਮ੍ਹਾਂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਖਜ਼ਾਨਾ ਦਫ਼ਤਰ 24 ਘੰਟੇ ਖੁੱਲ੍ਹਾ ਰੱਖਣ ਦੀ ਹਦਾਇਤ ਕੀਤੀ ਗਈ ਹੈ।