ਦਵਿੰਦਰ ਜੱਗੀ
ਪਾਇਲ , 11 ਫਰਵਰੀ
ਵਿਧਾਨ ਸਭਾ ਹਲਕਾ ਪਾਇਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਲਖਵੀਰ ਸਿੰਘ ਲੱਖਾ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਦਾਣਾ ਮੰਡੀ ਮਲੌਦ ਵਿੱਚ ਉਲੀਕੇ ਸਮੇਂ ਤੋਂ ਸੱਤ ਘੰਟੇ ਲੇਟ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਪੁੱਜੇ, ਉਨ੍ਹਾਂ ਨਾਲ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਤੇ ਫ਼ਿਲਮੀ ਕਲਾਕਾਰ ਯੋਗਰਾਜ ਸਿੰਘ ਵੀ ਮੌਜੂਦ ਸਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਹਾ ਕਿ ਪੰਜਾਬ ਦੇ ਦਰਦਾਂ ਨੂੰ ਸਿਰਫ ਕਾਂਗਰਸ ਪਾਰਟੀ ਹੀ ਸਮਝ ਸਕਦੀ ਹੈ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕੋਲੋਂ ਸੂਬੇ ਦੇ ਭਲੇ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ 2017 ਵਿੱਚ ਲਖਵੀਰ ਸਿੰਘ ਲੱਖਾ ਨੂੰ ਵਿਧਾਇਕ ਦੀ ਵੋਟ ਪਾਈ ਸੀ ਇਸ ਵਾਰ ਮੰਤਰੀ ਸਮਝ ਕੇ ਵੋਟ ਪਾਇਓ। ਕਾਂਗਰਸੀ ਉਮੀਦਵਾਰ ਲਖਵੀਰ ਸਿੰਘ ਲੱਖਾ ਨੇ ਅਕਾਲੀ ਦਲ-ਬਸਪਾ, ਭਾਜਪਾ ਤੇ ਆਮ ਆਦਮੀ ਪਾਰਟੀ ’ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਇਹ ਲੋਕ ਫਸਲੀ ਬਟੇਰੇ ਹਨ ਜੋ ਸਿਰਫ਼ ਚੋਣਾਂ ਦੇ ਐਲਾਨ ਹੋਣ ’ਤੇ ਨਜ਼ਰ ਆਉਂਦੇ ਹਨ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਹਲਕਾ ਪੱਛਮੀ ਤੋਂ ਅਕਾਲੀ-ਬਸਪਾ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ਵਿੱਚ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਨਿੱਤਰੀਆਂ ਹੋਈਆਂ ਹਨ। ਜ਼ਿਲ੍ਹਾ ਪ੍ਰਧਾਨ ਬੀਬੀ ਸੁਰਿੰਦਰ ਕੌਰ ਦਿਆਲ ਦੀ ਅਗਵਾਈ ਹੇਠ ਬੀਬੀਆਂ ਦੇ ਜੱਥੇ ਨੇ ਪੱਖੋਵਾਲ ਰੋਡ ਸਥਿਤ ਕੁੱਝ ਇਲਾਕਿਆਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਬੀਬੀ ਦਿਆਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਪਾਰਟੀ ਨੇ ਪੰਜਾਬ ਦਾ ਜੋ ਨੁਕਸਾਨ ਕੀਤਾ ਹੈ ਉਹ ਪਿਛਲੇ ਸਮੇਂ ਵਿੱਚ ਨਹੀਂ ਹੋਇਆ। ਇਸੇ ਤਰ੍ਹਾਂ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਉਮੀਦਵਾਰ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਦੀ ਚੋਣ ਮੁਹਿੰਮ ਨੂੰ ਹਲਕੇ ਦੇ ਵੋਟਰਾਂ ਵੱਲੋਂ ਲਗਾਤਾਰ ਸਮਰਥਨ ਦਿੱਤਾ ਜਾ ਰਿਹਾ ਹੈ। ਜਥੇਦਾਰ ਕੁਲਦੀਪ ਸਿੰਘ, ਨੌਜਵਾਨ ਆਗੂ ਦੀਪਕ ਸ਼ਰਮਾ, ਰਣਜੀਤ ਸਿੰਘ, ਜਗਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਵਾਰਡ ਨੰਬਰ 31 ਅਤੇ 32 ਤੋਂ ਇਲਾਵਾ ਫਤਹਿ ਸਿੰਘ ਨਗਰ ਅਤੇ ਮਹਾਂ ਸਿੰਘ ਨਗਰ ਵਿੱਚ ਕਰਵਾਈ ਗਈ ਚੋਣ ਮੀਟਿੰਗ ’ਚ ਊਧਮ ਸਿੰਘ ਸਪੋਰਟਸ ਕਲੱਬ ਪਾਰਸ ਗਰਾਊਂਡ ਦੀ ਸਮੁੱਚੀ ਟੀਮ ਵੱਲੋਂ ਠਾਕੁਰ ਵਿਸ਼ਵਨਾਥ ਸਿੰਘ ਸਾਬਕਾ ਕੌਂਸਲਰ ਦੀ ਅਗਵਾਈ ਹੇਠ ਜਥੇਦਾਰ ਗਾਬੜੀਆ ਨਾਲ ਖੜਨ ਦਾ ਐਲਾਨ ਕੀਤ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲ ਤੋਂ ਹਲਕੇ ’ਚ ਵਿਕਾਸ ਦੀ ਇੱਕ ਇੱਟ ਵੀ ਨਾ ਲਗਾਉਣ ਵਾਲੇ ਵਿਧਾਇਕ ਨੂੰ ਹਲਕੇ ਦੇ ਲੋਕ ਮੂੰਹ ਨਹੀਂ ਲਗਾਉਣਗੇ।। ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਅਤੇ ਦੀਪਕ ਸ਼ਰਮਾ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਹਲਕੇ ਦਾ ਵਿਕਾਸ ਚਾਹੁੰਦੇ ਹਨ ਤਾਂ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾਉਣ। ਇਸ ਮੌਕੇ ਸੌਰਵ ਕੁਮਾਰ, ਜੁਗਰਾਜ ਸਿੰਘ, ਤਰਨਜੀਤ ਸਿੰਘ, ਗਗਨਦੀਪ ਸਿੰਘ, ਸੂਰਜ ਪ੍ਰਕਾਸ਼, ਸੰਦੀਪ ਗੱਗੀ, ਪਰਮਜੀਤ ਸਿੰਘ, ਸੰਦੀਪ ਸਿੰਘ, ਵਿੱਕੀ ਰਾਜਪੂਤ , ਬੇਅੰਤ ਸਿੰਘ, ਸੌਰਵ ਰਾਣਾ, ਬਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਨਿੱਕਾ ਮੱਲ ਵੀ ਹਾਜ਼ਰ ਸਨ। ਇਸੇ ਤਰ੍ਹਾਂ ਪੱਛਮੀ ਵਿਧਾਨ ਸਭਾ ਹਲਕੇ ਤੋਂ ਐਡਵੋਕੇਟ ਬਿਕਰਮ ਸਿੰਘ ਸਿੱਧੂ ਦੇ ਹੱਕ ਵਿੱਚ ਉਨ੍ਹਾਂ ਦੀ ਪਤਨੀ ਗੁਰਵਿੰਦਰ
ਕੌਰ ਸਿੱਧੂ ਨੇ ਕੋਚਰ ਮਾਰਕੀਟ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਘਰ ਘਰ ਜਾਕੇ ਲੋਕਾਂ ਨੂੰ ਵੋਟਾਂ ਪਾ ਕੇ ਐਡਵੋਕੇਟ ਸਿੱਧੂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬੀਬੀ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਭਾਜਪਾ ਹੀ ਇੱਕੋ ਇੱਕ ਬਦਲ ਹੈ ਇਸ ਲਈ ਭਾਜਪਾ ਨੂੰ ਵੋਟ ਪਾ ਕੇ ਆਪਣੀ ਸਰਕਾਰ ਬਣਾਉਣੀ ਚਾਹੀਦੀ ਹੈ ਤਾਂ ਜੋ ਹਲਕੇ ਦਾ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇੱਕ ਪਾਸੇ ਪੰਜਾਬ ਦੇ ਨੌਜਵਾਨ ਰੁਜ਼ਗਾਰ ਅਤੇ ਉਚੇਰੀ ਸਿੱਖਿਆ ਦੀ ਘਾਟ ਕਾਰਨ ਵਿਦੇਸ਼ ਜਾਣ ਲਈ ਮਜ਼ਬੂਰ ਹਨ ਅਤੇ ਦੂਜੇ ਪਾਸੇ ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।
ਇਸ ਮੌਕੇ ਮਹਿਲਾ ਮੋਰਚਾ ਇੰਚਾਰਜ ਸੰਤੋਸ਼ ਅਰੋੜਾ, ਮਨਮਿੰਦਰ ਕੌਰ, ਰੀਟਾ ਅਰੋੜਾ, ਰੁਪਿੰਦਰ ਕੌਰ, ਭੁਪਿੰਦਰ ਕੌਰ, ਸਰਬਜੀਤ ਕੌਰ, ਸੋਨੀਆ ਧਵਨ, ਸੀਮਾ ਵਧਵਾ ਅਤੇ ਸਮਰਿਤਾ ਭੰਡਾਰੀ ਨੇ ਵੀ ਐਡਵੋਕੇਟ ਬਿਕਰਮ ਸਿੰਘ ਸਿੱਧੂ ਲਈ ਹਮਾਇਤ ਮੰਗੀ।
‘ਆਪ’ ਉਮੀਦਵਾਰ ਭੋਲਾ ਗਰੇਵਾਲ ਵੱਲੋਂ ਚੋਣ ਮੁਹਿੰਮ ਤੇਜ਼
ਲੁਧਿਆਣਾ( ਖੇਤਰੀ ਪ੍ਰਤੀਨਿਧ): ਆਮ ਆਦਮੀ ਪਾਰਟੀ ਹਲਕਾ ਪੂਰਬੀ ਦੇ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸ ਮੁਹਿੰਮ ਤਹਿਤ ਉਨ੍ਹਾਂ ਅੱਜ ਵਾਰਡ ਨੰਬਰ 14 ਮੁਹੱਲਾ ਗੀਤਾ ਨਗਰ ਵਿੱਚ ਹਰਸਿਮਰਨ ਸਿੰਘ ਤੂਰ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਨਿਸ਼ਾਂਤ ਗਾਂਧੀ ਆਪਣੇ ਸਾਥੀਆਂ ਜਗਦੀਸ਼ ਕੁਮਾਰ, ਪੱਪੂ ਗਰੇਵਾਲ, ਕ੍ਰਿਸ਼ਨ ਅਵਤਾਰ, ਹਰਵਿੰਦਰ ਸਿੰਘ, ਦਰਸ਼ਨ ਸਿੰਘ, ਮੋਹਨ ਲਾਲ ਟੋਨੀ, ਕ੍ਰਿਸ਼ਨ ਲਾਲ, ਸਰਵਣ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ। ਭੋਲਾ ਗਰੇਵਾਲ ਨੇ ਸਿਰੋਪਆਓ ਪਾ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ।
ਜੱਗਾ ਹਿੱਸੋਵਾਲ ਨੇ ਚੰਨੀ ਦੇ ਨਾਂ ’ਤੇ ਮੌਕਾ ਮੰਗਿਆ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਰਾਖਵਾਂ ਹਲਕਾ ਜਗਰਾਉਂ ਤੋਂ ਕਾਂਗਰਸ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਅੱਜ ਪਿੰਡ ਅਲੀਗੜ੍ਹ ਅਤੇ ਗਗੜਾ ’ਚ ਵੋਟਰਾਂ ਦਾ ਭਰਵਾਂ ਸਮਰਥਨ ਮਿਲਿਆ। ਇਸ ਮੌਕੇ ਪਾਰਟੀ ਦੀ ਸਥਾਨਕ ਲੀਡਰਸ਼ਿਪ ਨੇ ਵਿਧਾਇਕ ਹਿੱਸੋਵਾਲ ਲਈ ਵੋਟਾਂ ਮੰਗੀਆਂ ਜਦਕਿ ਖੁਦ ਉਮੀਦਵਾਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂ ’ਤੇ ਵੋਟਾਂ ਤੇ ਮੌਕਾ ਮੰਗਿਆ। ਪਿੰਡ ਅਲੀਗੜ੍ਹ ’ਚ ਜਗਤਾਰ ਸਿੰਘ ਸਿੱਧੂ ਦੀ ਅਗਵਾਈ ’ਚ ਪਰਵਾਸੀ ਪੰਜਾਬੀਆਂ ਨੇ ਕਾਂਗਰਸ ਉਮੀਦਵਾਰ ਦੀ ਡਟਵੀਂ ਹਮਾਇਤ ਦਾ ਭਰੋਸਾ ਦਿੰਦਿਆਂ ਅਗਲਾ ਇਕ ਹਫ਼ਤਾ ਉਨ੍ਹਾਂ ਦੇ ਨਾਲ ਹਰ ਪਿੰਡ ’ਚ ਜਾ ਕੇ ਚੋਣ ਪ੍ਰਚਾਰ ਕਰਨ ਤੇ ਵੋਟਾਂ ਮੰਗਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਪਿੰਡ ਗਗੜਾ ’ਚ ਸਰਪੰਚ ਹਰਕਿੰਦਰ ਸਿੰਘ ਦੀ ਅਗਵਾਈ ’ਚ ਵੱਡਾ ਚੋਣ ਜਲਸਾ ਹੋਇਆ, ਜਿਸ ਤੋਂ ਕਾਂਗਰਸ ਉਮੀਦਵਾਰ ਬਾਗੋ-ਬਾਗ ਨਜ਼ਰ ਆਏ ਕਿਹਾ ਕਿ ਲੋਕਾਂ ਦੇ ਭਰਪੂਰ ਸਮੱਰਥਨ ਤੋਂ ਉਹ ਜਿੱਤ ਲਈ ਆਸਵੰਦ ਹਨ। ਵਿਧਾਇਕ ਜੱਗਾ ਹਿੱਸੋਵਾਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੜ ਮੁੱਖ ਮੰਤਰੀ ਬਣਾਉਣ ਲਈ ਉਨ੍ਹਾਂ ਦੇ ਨਾਂ ’ਤੇ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ।