ਗਗਨਦੀਪ ਅਰੋੜਾ
ਲੁਧਿਆਣਾ, 31 ਅਕਤੂਬਰ
ਸ਼ਹਿਰ ਵਿੱਚੋਂ ਨਿਕਲਣ ਵਾਲੀ ਸਿੱਧਵਾਂ ਨਹਿਰ ਦੇ ਹਾਲਾਤ ਹੁਣ ਬੁੱਢੇ ਨਾਲੇ ਵਰਗੇ ਬਣਦੇ ਜਾ ਰਹੇ ਹਨ। ਇੱਥੇ ਪਾਣੀ ਦੇ ਪੱਧਰ ਦੇ ਹੇਠਾਂ ਹੁੰਦੇ ਹੀ ਲੋਕਾਂ ਵੱਲੋਂ ਸੁੱਟੀ ਗਈ ਗੰਦਗੀ ਨਾਲ ਭਰੀ ਹੋਈ ਨਹਿਰ ਨਜ਼ਰ ਆਉਣ ਲੱਗੀ ਹੈ। ਲੋਕਾਂ ਵੱਲੋਂ ਹਾਲੇ ਵੀ ਨਹਿਰ ਵਿਚ ਗੰਦਗੀ ਤੇ ਸਾਮਾਨ ਸੁੱਟਿਆ ਜਾ ਰਿਹਾ ਹੈ। ਨਗਰ ਨਿਗਮ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਹਿਰ ਵਿਚ ਗੰਦਗੀ ਲਗਾਤਾਰ ਵੱਧਦੀ ਜਾ ਰਹੀ ਹੈ। ਨਹਿਰ ਵਿਚ ਜ਼ਿਆਦਾਤਰ ਲੋਕਾਂ ਵੱਲੋਂ ਸੁੱਟੇ ਪੁਰਾਣੇ ਕੱਪੜੇ, ਲੱਕੜ, ਪੂਜਾ ਦਾ ਸਾਮਾਨ, ਦੇਵੀ ਦੇਵਤਾਂ ਦੀਆਂ ਟੁੱਟੀਆਂ ਮੂਰਤੀਆਂ ਬਾਹਰ ਦਿਖਣ ਲੱਗੇ ਹਨ।
ਦੱਸ ਦੇਈਏ ਕਿ ਸਨਅਤੀ ਸ਼ਹਿਰ ਦੇ ਬੁੱਢੇ ਦਰਿਆ ਦਾ ਪਾਣੀ ਵੀ ਕਿਸੇ ਸਮੇਂ ਸਾਫ਼ ਸੀ ਪਰ ਸ਼ਹਿਰ ਦੇ ਲੋਕਾਂ ਤੇ ਸਨਅਤਕਾਰਾਂ ਨੇ ਇਸ ਨੂੰ ਗੰਦਾ ਨਾਲਾ ਬਣਾ ਦਿੱਤਾ। ਇਹੀ ਹਾਲ ਲੋਕ ਹੁਣ ਸ਼ਹਿਰ ਦੀ ਸਿੱਧਵਾਂ ਨਹਿਰ ਦਾ ਵੀ ਕਰ ਰਹੇ ਹਨ। ਲੋਕ ਨਹਿਰ ਵਿਚ ਅਜਿਹਾ ਸਾਮਾਨ ਵੀ ਸੁੱਟਦੇ ਹਨ ਜੋ ਪਾਣੀ ਵਿੱਚ ਨਾ ਘੁੱਲਣਯੋਗ ਹੁੰਦਾ ਹੈ ਤੇ ਇਸ ਨਾਲ ਪਾਣੀ ਪ੍ਰਦੂਸ਼ਤ ਹੋ ਰਿਹਾ ਹੈ। ਸਿੱਧਵਾਂ ਨਹਿਰ ਨੂੰ ਸਾਫ਼ ਰੱਖਣ ਲਈ ਨਗਰ ਨਿਗਮ ਤੋਂ ਇਲਾਵਾ ਸ਼ਹਿਰ ਵਿਚ ਕਈ ਐਨਜੀਓਜ਼ ਨੇ ਵੀ ਵੱਡੇ ਪੱਧਰ ’ਤੇ ਕੰਮ ਕੀਤਾ ਪਰ ਕੁੱਝ ਸਮਾਂ ਬਾਅਦ ਨਹਿਰ ਦੇ ਹਾਲਾਤ ਫਿਰ ਵਿਗੜ ਜਾਂਦੇ ਹਨ। ਐਨਜੀਓ ਦੇ ਮੈਂਬਰਾਂ ਨੇ ਆਪਣੇ ਪੱਧਰ ’ਤੇ ਸਨਅਤਕਾਰਾਂ ਨਾਲ ਰਲ ਕੇ ਸ਼ਹਿਰ ਦੇ ਜ਼ਿਆਦਾਤਰ ਪੁੱਲ ਜਿੱਥੋਂ ਲੋਕ ਸਮਾਨ ਤੇ ਕੂੜਾ ਨਹਿਰ ਵਿਚ ਸੁੱਟਦੇ ਸਨ, ਉਥੇ ਜਾਲੀਆਂ ਲਗਵਾਈਆਂ, ਪਰ ਹਾਲੇ ਵੀ ਨਹਿਰ ਵਿਚ ਸਮਾਨ ਤੇ ਕੂੜਾ ਸੁੱਟਣ ਦਾ ਕੰਮ ਜਾਰੀ ਹੈ।
ਸਾਬਕਾ ਕੌਂਸਲਰ ਤੇ ਐਨਜੀਓ ਮੈਂਬਰ ਤਨਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਨਹਿਰ ਨੂੰ ਸਾਫ਼ ਕਰਨ ਲਈ ਉਨ੍ਹਾਂ ਨੇ ਐਨਜੀਓ ਨਾਲ ਮਿਲ ਕੇ ਕਾਫ਼ੀ ਕੰਮ ਕੀਤਾ ਪਰ ਇਹ ਨਹਿਰ ਹੁਣ ਫਿਰ ਗੰਦੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜੇ ਨਹਿਰ ਨੂੰ ਸਾਫ਼ ਰੱਖਣਾ ਹੈ ਤਾਂ ਲੋਕਾਂ ਨੂੰ ਖੁੱਦ ਜਾਗਰੂਕ ਹੋਣਾ ਪਵੇਗਾ। ਮੇਅਰ ਬਲਕਾਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਨਗਰ ਨਿਗਮ ਪਹਿਲਾਂ ਵੀ ਇਸ ਨੂੰ ਸਾਫ਼ ਕਰਵਾਉਂਦਾ ਆਇਆ ਹੈ ਤੇ ਹੁਣ ਵੀ ਕਰੇਗਾ। ਉਨ੍ਹਾਂ ਦੱਸਿਆ ਕਿ ਨਹਿਰ ਨੂੰ ਸਾਫ਼ ਕਰਨ ਲਈ ਨਗਰ ਨਿਗਮ ਸਫ਼ਾਈ ਦੇ ਨਾਲ ਲੋਕਾਂ ਨੂੰ ਵੀ ਜਾਗਰੂਕ ਕਰੇਗਾ।