ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਮਈ
ਸਨਅਤੀ ਸ਼ਹਿਰ ਵਿੱਚ ਬੀਤੇ ਦਿਨੀਂ ਯੂਥ ਅਕਾਲੀ ਦਲ ਵੱਲੋਂ ਸ਼ਹਿਰ ਵਿੱਚ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਲਗਵਾਏ ਗਏ ਪੋਸਟਰਾਂ ਨੂੰ ਲਾਹੁਣ ਲਈ ਅੱਜ ਯੂਥ ਕਾਂਗਰਸ ਦੇ ਆਗੂ ਸੜਕਾਂ ’ਤੇ ਉਤਰ ਆਏ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਯੋਗੇਸ਼ ਹਾਂਡਾ ਦੀ ਅਗਵਾਈ ਹੇਠ ਟੀਮ ਨੇ ਰੇਲਵੇ ਸਟੇਸ਼ਨ ਰੋਡ ’ਤੇ ਲਗਾਏ ਗਏ ਪੋਸਟਰ ਲਾਹੇ ਤੇ ਯੂਥ ਅਕਾਲੀ ਦਲ ਵਾਲਿਆਂ ਨੂੰ ਸਸਤੀ ਸਿਆਸਤ ਨਾ ਕਰਨ ਦੀ ਸਲਾਹ ਦਿੱਤੀ। ਯੂਥ ਕਾਂਗਰਸ ਦੇ ਪ੍ਰਧਾਨ ਯੋਗੇਸ਼ ਹਾਂਡਾ ਦੀ ਅਗਵਾਈ ਹੇਠ ਵੀਰਵਾਰ ਨੂੰ ਸਾਰੇ ਪੋਸਟਰਾਂ ਨੂੰ ਹਟਾਇਆ ਗਿਆ। ਇਸ ਮੌਕੇ ਹਾਂਡਾ ਨੇ ਕਿਹਾ ਕਿ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਲੰਮੇ ਸਮੇਂ ਤੋਂ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਧਰਨਾ ਲਗਾ ਕੇ ਬੈਠੇ ਹੋਏ ਹਨ। ਪੂਰੇ ਬਜਟ ਸੈਸ਼ਨ ਵਿੱਚ ਉਨ੍ਹਾਂ ਨੇ ਸੂਬੇ ਸਣੇ ਦੇਸ਼ ਦੇ ਕਈ ਹਿੱਸਿਆਂ ਦੇ ਅਹਿਮ ਮੁੱਦੇ ਸੰਸਦ ਵਿੱਚ ਚੁੱਕੇ। ਕਈ ਵਾਰ ਕੇਂਦਰੀ ਮੰਤਰੀਆਂ ਨਾਲ ਬਹਿਸ ਦੀਆਂ ਵੀਡੀਓ ਵੀ ਵਾਇਰਲ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਅਜਿਹੀ ਸੌੜੀ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਗੁਰਦੀਪ ਗੋਸ਼ਾ ਦੀ ਅਗਵਾਈ ’ਚ ਬਾਜ਼ਾਰ ’ਚ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਦੇ ਲਾਪਤਾ ਹੋਣ ਦੇ ਪੋਸਟਰ ਲਾਏ ਗਏ ਸਨ। ਆਗੂਆਂ ਨੇ ਦੋਸ਼ ਲਗਾਏ ਸਨ ਕਿ ਬਿੱਟੂ ਵੋਟਾਂ ਲੈ ਕੇ ਘਰ ਬੈਠ ਗਏ ਹਨ। ਇਸ ਮਹਾਂਮਾਰੀ ਦੇ ਦੌਰ ’ਚ ਉਹ ਸਿਰਫ਼ ਫੇਸਬੁੱਕ ਪੇਜ ਤੋਂ ਇਲਾਵਾ ਕੋਈ ਕੰਮ ਨਹੀਂ ਕਰ ਰਹੇ।