ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜਨਵਰੀ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਉਂ ਜਿਉਂ ਨੇੜੇ ਆ ਰਹੀਆਂ ਹਨ, ਤਿਉਂ ਤਿਉਂ ਚੋਣਾਂ ਲੜ ਰਹੇ ਉਮੀਦਵਾਰਾਂ ਵਿੱਚ ਫਲੈਕਸ ਅਤੇ ਪੋਸਟਰ ਲਗਾਉਣ ਦੀ ਦੌੜ ਤੇਜ਼ ਹੁੰਦੀ ਜਾ ਰਹੀ ਹੈ। ਸਨਅਤੀ ਸ਼ਹਿਰ ਵਿੱਚ ਵੀ ਲੋਕਾਂ ਦੇ ਘਰਾਂ ਦੀਆਂ ਕੰਧਾਂ ’ਤੇ ਲੱਗੇ ਪੋਸਟਰਾਂ ਨੇ ਸ਼ਹਿਰ ਦੀ ਸ਼ਕਲ ਵੀ ਵਿਗਾੜਨੀ ਸ਼ੁਰੂ ਕਰ ਦਿੱਤੀ ਹੈ। ਰਾਜਨੀਤਕ ਪਾਰਟੀਆਂ ਵੱਲੋਂ ਵਧ ਰਹੇ ਇਸ ਰੁਝਾਨ ਕਾਰਨ ਆਮ ਲੋਕ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ।
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਜਿੱਥੇ ਥਾਂ-ਥਾਂ ਵੱਡੇ ਵੱਡੇ ਫਲੈਕਸ ਲਾਏ ਜਾ ਰਹੇ ਹਨ ਉੱਥੇ ਘਰਾਂ ਦੀਆਂ ਕੰਧਾਂ ਅਤੇ ਪੁਲਾਂ ’ਤੇ ਪੋਸਟਰ ਵੀ ਲਗਾਏ ਜਾ ਰਹੇ ਹਨ। ਕਈ ਘਰਾਂ ਅਤੇ ਦੁਕਾਨਾਂ ਦੀਆਂ ਕੰਧਾਂ ’ਤੇ ਰਾਤ ਦੇ ਹਨੇਰੇ ਵਿੱਚ ਪੋਸਟਰ ਲਗਾ ਦਿੱਤੇ ਜਾਂਦੇ ਹਨ। ਇਹ ਰੁਝਾਨ ਸ਼ਹਿਰ ਦੇ ਹੋਰ ਇਲਾਕਿਆਂ ਦੇ ਨਾਲ ਨਾਲ ਹਲਕਾ ਪੂਰਬੀ ਵਿੱਚ ਵੀ ਦੇਖਿਆ ਜਾ ਸਕਦਾ ਹੈ। ਇੱਥੋਂ ਦੇ ਰਹਿਣ ਵਾਲੇ ਇੱਕ ਦੁਕਾਨਦਾਰ ਚੰਨਪ੍ਰੀਤ ਨੇ ਕਿਹਾ ਕਿ ਉਹ ਕੰਧ ’ਤੇ ਲਾਏ ਪੋਸਟਰ ਕਈ ਵਾਰ ਲਾਹ ਚੁੱਕਾ ਹੈ ਪਰ ਰਾਤ ਸਮੇਂ ਉਸ ਤੋਂ ਵੀ ਵੱਧ ਪੋਸਟਰ ਲਗਾ ਦਿੱਤੇ ਜਾਂਦੇ ਹਨ। ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਕੰਧਾਂ ’ਤੇ ਵੱਖ ਵੱਖ ਪਾਰਟੀਆਂ ਦੇ ਵੋਟਾਂ ਨਾਲ ਸਬੰਧਤ ਪੋਸਟਰ ਲੱਗੇ ਦੇਖੇ ਜਾ ਸਕਦੇ ਹਨ। ਉਸ ਨੇ ਕਿਹਾ ਕਿ ਚੋਣ ਮੁਹਿੰਮ ਤੇਜ਼ ਕਰਨੀ ਹਰ ਉਮੀਦਵਾਰ ਦਾ ਅਧਿਕਾਰ ਹੈ ਪਰ ਇਸ ਦੇ ਬਦਲੇ ਲੋਕਾਂ ਦੀਆਂ ਕੰਧਾਂ ਖਰਾਬ ਨਾ ਕੀਤੀਆਂ ਜਾਣ। ਦੂਜੇ ਪਾਸੇ ਕਈ ਉਮੀਦਵਾਰਾਂ ਦੇ ਹਮਾਇਤੀਆਂ ਨੇ ਵੀ ਮੰਨਿਆ ਕਿ ਕਿਸੇ ਦੇ ਘਰ ਅਤੇ ਦੁਕਾਨ ਦੀ ਕੰਧ ’ਤੇ ਪੋਸਟਰ ਬਿਨਾਂ ਪੁੱਛੇ ਨਹੀਂ ਲਾਏ ਜਾ ਸਕਦੇ ਪਰ ਕਈ ਕਰਿੰਦੇ ਗਲਤੀ ਨਾਲ ਅਜਿਹਾ ਕਰ ਜਾਂਦੇ ਹਨ ਜਿਸ ਦਾ ਖਮਿਆਜ਼ਾ ਉਮੀਦਵਾਰ ਨੂੰ ਭੁਗਤਣਾ ਪੈ ਸਕਦਾ ਹੈ।
ਬੀਬੀਆਂ ਨੇ ‘ਆਪ’ ਉਮੀਦਵਾਰ ਲਈ ਵੋਟਾਂ ਮੰਗੀਆਂ
ਪਾਇਲ,(ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਵੋਟਰਾਂ ਨੂੰ ਲਾਮਬੰਦ ਕਰਨ ਲਈ ਹਲਕੇ ਦੇ ਪਿੰਡਾਂ ਧਮੋਟ, ਰਾੜਾ ਸਾਹਿਬ, ਕਟਾਹਰੀ, ਲੰਡਾ, ਰਾਮਪੁਰ, ਕੱਦੋ, ਜੋਗੀਮਾਜਰਾ, ਮਲੌਦ, ਸੀਹਾਂਦੌਦ, ਸੇਖਾ, ਲਸਾੜਾ, ਸੋਮਲਖੇੜੀ, ਟਿੰਬਰਵਾਲ, ਝੰਮਟ ਵਿਚ ਪ੍ਰਚਾਰ ਮੁਹਿੰਮ ਭਖਾਈ। ਉਨ੍ਹਾਂ ਵੋਟਰਾਂ ਨੂੰ ਆਪ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਗਿਆਸਪੁਰਾ ਨੇ ਕਿਹਾ ਕਿ ਅਕਾਲੀ ਤੇ ਕਾਂਗਰਸ ਪਾਰਟੀ ਦੀਆਂ ਮਾੜੀਆਂ ਨੀਤੀਆਂ ਨੇ ਪੰਜਾਬ ਨੂੰ ਕੰਗਾਲੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ, ਜਿਸ ਨੂੰ ਆਪ ਦੀ ਸਰਕਾਰ ਬਣਦੇ ਸਾਰ ਤਰੱਕੀ ਦੀਆਂ ਲੀਹਾਂ ’ਤੇ ਤੋਰਿਆ ਜਾਵੇਗਾ।
ਬੈਂਸ ਸਮਰਥਕ ਮੇਹਰ ਸਿੰਘ ਭਾਜਪਾ ਵਿੱਚ ਸ਼ਾਮਲ
ਲੁਧਿਆਣਾ, (ਗੁਰਿੰਦਰ ਸਿੰਘ): ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਨਜ਼ਦੀਕੀ ਸਾਥੀ ਅਤੇ ਪਿਛਲੀਆਂ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 20 ਤੋਂ ਪਾਰਟੀ ਵੱਲੋਂ ਚੋਣ ਲੜਨ ਵਾਲੇ ਮੇਹਰ ਸਿੰਘ ਮੇਰੇ ਨੇ ਬੈਂਂਸ ਬ੍ਰਦਰਜ਼ ਦਾ ਸਾਥ ਛੱਡ ਕੇ ਭਾਜਪਾ ਦਾ ਪੱਲ੍ਹਾ ਫੜਦਿਆਂ ਹਲਕਾ ਸੈਂਟਰਲ ਤੋਂ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ।ਸ੍ਰੀ ਦੇਬੀ ਨੇ ਮੇਹਰ ਸਿੰਘ ਅਤੇ ਸਾਥੀਆਂ ਦਾ ਸਵਾਗਤ ਕਰਦਿਆਂ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਮੇਹਰ ਸਿੰਘ ਨੇ ਕਿਹਾ ਕਿ ਉਹ ਸਾਥੀਆਂ ਸਮੇਤ ਭਾਜਪਾ ਉਮੀਦਵਾਰਾਂ ਦੀ ਜਿੱਤ ਲਈ ਦਿਨ ਰਾਤ ਇਕ ਕਰਨਗੇ। ਇਸ ਦੌਰਾਨ ਸ੍ਰੀ ਦੇਬੀ ਨੇ ਵਾਰਡ ਨੰਬਰ 20 ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਭਾਜਪਾ ਆਗੂ ਰਜਨੀਸ਼ ਧੀਮਾਨ, ਯੋਗਿੰਦਰ ਮਕੋਲ, ਗੌਰਵਜੀਤ ਸਿੰਘ ਗੋਰਾ, ਰਵੀ ਬਾਹਰੀ, ਪਰਮਿੰਦਰ ਸਿੰਘ ਕਾਕਾ, ਯੁਵਰਾਜ ਮਲਹੋਤਰਾ ਸਾਬੂ, ਗੁਰਪ੍ਰੀਤ ਰਾਜੂ, ਰਾਜੀਵ ਸ਼ਰਮਾ ਰਾਜਨ, ਅਮਿਤ ਸਚਦੇਵਾ, ਪਵਨ ਨਈਅਰ ਅਤੇ ਸੰਦੀਪ ਕੁਮਾਰ ਮੌਜੂਦ ਸਨ।