ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਦਸੰਬਰ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਨੇ ਹੁਣ ਆਪਣੇ ਖਪਤਕਾਰਾਂ ਤੱਕ ਪਹੁੰਚ ਕਰਨ ਲਈ ਸੋਸ਼ਲ ਮੀਡੀਆ ਦਾ ਰਸਤਾ ਚੁਣਿਆ ਹੈ, ਹੁਣ ਲੋਕ ਈ-ਮੇਲ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਵਟਸਐਪ ਅਤੇ ਮੋਬਾਈਲ ਐਪ ਰਾਹੀਂ ਵੀ ਪਾਵਰਕੌਮ ਨਾਲ ਸੰਪਰਕ ਕਰ ਸਕਦੇ ਹਨ, ਜਿਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਪੀਐੱਸਪੀਸੀਐੱਲ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ ਵੇਣੂ ਪ੍ਰਸਾਦ ਵੱਲੋਂ ਲੁਧਿਆਣਾ ਦਾ ਦੌਰਾ ਕੀਤਾ ਗਿਆ।
ਇਸ ਦੌਰਾਨ ਚੇਅਰਮੈਨ ਵੇਣੂ ਪ੍ਰਸਾਦ ਨੇ ਚੌੜਾ ਬਾਜ਼ਾਰ ਤੇ ਜਨਤਾ ਨਗਰ ਵਿੱਚ ਦੋਵੇਂ ਥਾਵਾਂ ’ਤੇ 1912 ਟੋਲ ਫ੍ਰੀ ਇਲੈਕਟ੍ਰੀਸਿਟੀ ਕਾਲ ਸੈਂਟਰਾਂ ਦੇ ਕੰਮਕਾਜ ਦਾ ਨਿਰੀਖਣ ਕੀਤਾ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਲਦ ਤੋਂ ਜਲਦ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਬਿੇੜਾ ਕਰਨਾ ਪਾਵਰਕੌਮ ਦਾ ਮੁੱਖ ਮਕਸਦ ਹੈ। ਉਨ੍ਹਾਂ ਅੱਗੇ ਦੱਸਿਆ ਕਿ ਖ਼ਪਤਕਾਰ ਆਪਣੀ ਸ਼ਿਕਾਇਤ 1912 ’ਤੇ ਕਾਲ ਕਰਕੇ ਅਤੇ ਐੱਸਐੱਮਐੱਸ ਭੇਜ ਕੇ ਦਰਜ ਕਰਵਾ ਸਕਦੇ ਹਨ। ਇਸ ਮੌਕੇ ਸੀਐੱਮਡੀ ਨੇ ਕਿਹਾ ਕਿ ਜੇਕਰ ਖਪਤਕਾਰ ਸ਼ਿਕਾਇਤ ਦੇ ਨਬਿੇੜੇ ਨੂੰ ਲੈ ਕੇ ਸੰਤੁਸ਼ਟ ਨਹੀਂ ਹਨ, ਤਾਂ ਉਹ ਕਸਟਮਰ ਕੇਅਰ ਈ-ਮੇਲ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਜਾਂ ਫਿਰ ਵਟਸਐਪ ਨੰਬਰ 96461-06835 ਰਾਹੀਂ ਵੀ ਪਾਵਰਕੌਮ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਸ਼ਿਕਾਇਤਾਂ ਨੂੰ ਸੁਲਝਾਉਣ ਵਾਸਤੇ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਤਹਿਤ ਕੰਟਰੋਲ ਰੂਮ ਵਿੱਚ 96461-06835 ਜਾਂ 96461- 06836 ਤੇ ਸੰਪਰਕ ਕਰਕੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਸਕਦੀਆਂ ਹਨ। ਇਸ ਮੌਕੇ ਇੰਜਨੀਅਰ ਦਵਿੰਦਰ ਕੁਮਾਰ ਸ਼ਾਰਦਾ ਚੀਫ਼ ਇੰਜਨਅਰ, ਇੰਜਨੀਅਰ ਸਤਿੰਦਰ ਕੁਮਾਰ ਜੋਸ਼ਨ, ਚੀਫ ਇੰਜਨੀਅਰ ਅਸ਼ੋਕ ਕੁਮਾਰ ਸੱਭਰਵਾਲ, ਚੀਫ਼ ਇੰਜਨੀਅਰ ਸਟੋਰ ਐਂਡ ਵਰਕਸ਼ਾਪ ਵੀ ਮੌਜੂਦ ਸਨ।