ਪੱਤਰ ਪ੍ਰੇਰਕ
ਮਾਛੀਵਾੜਾ, 16 ਨਵੰਬਰ
ਨੇੜਲੇ ਪਿੰਡ ਹਾੜੀਆਂ ਸਥਿਤ ਮੁਕਤੀਧਾਮ ਸ਼ਿਵ ਮੰਦਰ ਵਿੱਚ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰਣਜੀਤ ਸਿੰਘ ਨੇ ਦੱਸਿਆ ਕਿ ਕੱਲ ਸ਼ਾਮ ਸੰਗਤ ਨੇ ਇਕੱਠੇ ਹੋ ਕੇ ਕੀਰਤਨ ਕੀਤਾ ਤੇ ਫਿਰ ਸਰਬੱਤ ਦੇ ਭਲੇ ਅਤੇ ਅਮਨ, ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਸਾਰੇ ਮੰਦਰ ਵਿੱਚ ਦੀਪਮਾਲਾ ਕੀਤੀ ਗਈ ਤੇ ਆਈ ਸੰਗਤ ਲਈ ਅਤੁੱਟ ਲੰਗਰ ਵੀ ਵਰਤਾਏ ਗਏ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਨੇ ਜਾਤ ਪਾਤ ਦਾ ਭੇਦ ਮਿਟਾ ਕੇ ਹਮੇਸ਼ਾ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਸੀ ਜਿਸ ਨੂੰ ਸਾਡੇ ਲੋਕਾਂ ਨੇ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਮੰਦਰ ਵਿਚ ਇਹ ਉਤਸਵ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਕਿ ਉਹ ਵੀ ਗੁਰੂ ਸਾਹਿਬ ਦੇ ਸੰਦੇਸ਼ ਅਨੁਸਾਰ ਭਾਈਚਾਰਕ ਸਾਂਝ ਬਣਾ ਕੇ ਰੱਖਣ। ਇਸ ਮੌਕੇ ਚੇਅਰਮੈਨ ਸੁਸ਼ੀਲ ਲੂਥਰਾ, ਮੁੱਖ ਸਕੱਤਰ ਰਣਜੀਤ ਸਿੰਘ, ਸਕੱਤਰ ਪਵਨ ਬੱਤਰਾ, ਸ਼ਿਵ ਚਰਨ ਸ਼ਰਮਾ, ਪ੍ਰਮੋਦ ਚੋਪੜਾ, ਰਾਜਿੰਦਰਪਾਲ ਸਿੰਘ, ਮੋਹਿਤ ਜੈਨ, ਹਿਮਾਂਸ਼ੂ ਮਿੱਤਲ, ਬਲਰਾਮ ਤਿਵਾੜੀ, ਅਵਤਾਰ ਸਿੰਘ, ਮੁਕੇਸ਼ ਸਚਦੇਵਾ, ਜਵਾਲਾ ਸਿੰਘ ਤੇ ਗੁਰਪ੍ਰੀਤ ਸਿੰਘ ਮੌਜੂਦ ਸਨ।