ਗਗਨਦੀਪ ਅਰੋੜਾ
ਲੁਧਿਆਣਾ, 29 ਜੂਨ
ਸਨਅਤੀ ਸ਼ਹਿਰ ਦੇ ਸਿਵਲ ਹਸਪਤਾਲ ਨੇੜੇ ਸਥਿਤ ਮੰਦਰ ਦੇ ਬਾਹਰ ਸੋਮਵਾਰ ਦੁਪਹਿਰ ਇੱਕ ਗਰਭਵਤੀ ਔਰਤ ਬੁਖਾਰ ਨਾਲ ਡੇਢ ਘੰਟਾ ਤੜਫਦੀ ਰਹੀ, ਪਰ ਇਸ ਔਰਤ ਨੂੰ ਕਰੋਨਾ ਦੇ ਡਰੋਂ ਕਿਸੇ ਨੇ ਉਸ ਨੂੰ ਹਸਪਤਾਲ ਨਹੀਂ ਪਹੁੰਚਾਇਆ। ਡੇਢ ਘੰਟੇ ਬਾਅਦ ਪੁਲੀਸ ਆਈ ਤੇ ਉਸ ਨੇ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਚਾਰ ਵਜੇ ਸਿਵਲ ਹਸਪਤਾਲ ਤੋਂ ਚੰਦ ਕਦਮਾਂ ਦੀ ਦੂਰੀ ’ਤੇ ਸ਼ਨੀ ਮੰਦਰ ਦੇ ਬਾਹਰ ਇੱਕ ਗਰਭਵਤੀ ਔਰਤ ਖੜ੍ਹੀ ਸੀ। ਆਸੇ-ਪਾਸੇ ਦੇ ਲੋਕਾਂ ਨੂੰ ਲੱਗਿਆ ਕਿ ਉਹ ਹਸਪਤਾਲ ਦੇ ਕਰੋਨਾ ਵਾਰਡ ’ਚੋਂ ਦੌੜ ਕੇ ਆਈ ਹੈ। ਇਸ ਲਈ ਕੋਈ ਉਸ ਕੋਲ ਜਾਣ ਲਈ ਤਿਆਰ ਨਹੀਂ ਸੀ। ਪੁਲੀਸ ਮੌਕੇ ’ਤੇ ਪੁੱਜੀ ਤੇ ਔਰਤ ਨੂੰ ਪਾਣੀ ਪਿਆਇਆ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਇੱਕ ਐਬੂਲੈਂਸ ਨੂੰ ਮੌਕੇ ’ਤੇ ਭੇਜਿਆ। ਜਦੋਂ ਔਰਤ ਦਾ ਬੁਖਾਰ ਚੈੱਕ ਕੀਤਾ ਤਾਂ 103 ਸੀ। ਔਰਤ ਦੀ ਹਾਲਤ ਨੂੰ ਦੇਖਦਿਆਂ ਪੁਲੀਸ ਨੇ ਡਾਕਟਰਾਂ ਦੀ ਟੀਮ ਨੂੰ ਭੇਜਣ ਲਈ ਆਖਿਆ, ਲਗਪਗ ਡੇਢ ਘੰਟੇ ਬਾਅਦ ਟੀਮ ਮੌਕੇ ’ਤੇ ਪੁੱਜੀ ਤੇ ਔਰਤ ਨੂੰ ਸਿਵਲ ਹਸਪਤਾਲ ਭਰਤੀ ਕਵਾਇਆ ਗਿਆ।
ਐੱਸਐੱਮਓ ਡਾਕਟਰ ਅਮਰਜੀਤ ਕੌਰ ਨੇ ਕਿਹਾ ਕਿ ਇਹ ਸੰਭਵ ਨਹੀਂ ਹੈ ਕਿ ਕਰੋਨਾ ਵਾਰਡ ’ਚੋਂ ਕੋਈ ਮਰੀਜ਼ ਬਾਹਰ ਨਿਕਲ ਸਕੇ। ਉਨ੍ਹਾਂ ਦੇ ਸਟਾਫ਼ ਨੇ ਚੈੱਕ ਕਰ ਲਿਆ ਹੈ, ਸਾਰੇ ਮਰੀਜ਼ ਪੂਰੇ ਹਨ। ਇਹ ਔਰਤ ਚੈਕਅੱਪ ਲਈ ਆਈ ਸੀ। ਹੁਣ ਔਰਤ ਦੀ ਜਾਂਚ ਚੱਲ ਰਹੀ ਹੈ।