ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਸਤੰਬਰ
ਸਨਅਤੀ ਸ਼ਹਿਰ ’ਚ ਪਸ਼ੂ ਡੇਅਰੀਆਂ ਦੇ ਚੱਲਦੇ ਬੁੱਢਾ ਦਰਿਆ ’ਚ ਫੈਲ ਰਹੇ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਨਗਰ ਨਿਗਮ ’ਤੇ 3.60 ਕਰੋੜ ਦਾ ਜੁਰਮਾਨਾ ਲਾਇਆ ਸੀ। ਹੁਣ ਨਗਰ ਨਿਗਮ ਇਸ ਜੁਰਮਾਨਾ ਨੂੰ ਪਸ਼ੂ ਡੇਅਰੀ ਵਾਲਿਆਂ ਤੋਂ ਵਸੂਲ ਕਰਨ ਦੀ ਤਿਆਰੀ ’ਚ ਹੈ। ਆਉਣ ਵਾਲੇ ਦਿਨਾਂ ’ਚ ਡੇਅਰੀ ਚਾਲਕਾਂ ਨੂੰ ਨਿਗਮ ਦੇ ਵੱਲੋਂ ਨੋਟਿਸ ਦਿੱਤੇ ਜਾਣਗੇ ਤਾਂ ਕਿ ਜੁਰਮਾਨਾ ਡੇਅਰੀ ਤੋਂ ਵਸੂਲ ਕੀਤਾ ਜਾਵੇਗੀ। ਜਿਸਦੇ ਲਈ ਨਗਰ ਨਿਗਮ ਦੇ ਅਫਸਰਾਂ ਨੇ ਤਿਆਰੀ ਕਰ ਲਈ ਹੈ। ਗਰ ਨਿਗਮ ਦੇ ਅਧਿਕਾਰੀ ਤਾਜਪੁਰ ਰੋਡ ਤੇ ਹੈਬੋਵਾਲ ਵਿੱਚ ਬਣੀਆਂ ਡੇਅਰੀ ਵਾਲਿਆਂ ਨੂੰ ਲੱਖਾਂ ਦਾ ਜੁਰਮਾਨਾ ਲਗਾਉਣ ਦੀ ਤਿਆਰੀ ਵਿੱਚ ਹਨ। ਉਧਰ, ਇਸ ਜੁਰਮਾਨੇ ਨੂੰ ਲੈ ਕੇ ਨਿਗਮ ਦੇ ਵੱਲੋਂ ਪੀਪੀਸੀਬੀ ਦੇ ਸੀਨੀਅਰ ਅਧਿਕਾਰੀਆਂ ਕੋਲ ਅਪੀਲ ਵੀ ਕੀਤੀ ਗਈ ਹੈ, ਪਰ ਨਿਗਮ ਨੂੰ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ। ਅਜਿਹੇ ’ਚ ਹੁਣ ਜੁਰਮਾਨਾ ਰਾਸ਼ੀ ਦਾ ਭਾਰ ਡੇਅਰੀ ਚਾਲਕਾਂ ’ਤੇ ਪੈਣਾ ਤੈਅ ਹੈ।
ਸ਼ਹਿਰ ਵਿੱਚ ਤਾਜਪੁਰ ਰੋਡ ’ਤੇ ਅਤੇ ਹੈਬੋਵਾਲ ’ਚ 2 ਵੱਡੇ ਪਸ਼ੂ ਡੇਅਰੀ ਕੰਪਲੈਕਸ ਹਨ। ਇਨ੍ਹਾਂ ਦੋਹਾਂ ’ਚ ਕਰੀਬ ਹਜ਼ਾਰਾਂ ਦੀ ਗਿਣਤੀ ਵਿੱਚ ਹਨ। ਦੋਵੇਂ ਡੇਅਰੀ ਕੰਪਲੈਕਸਾਂ ਤੋਂ ਰੋਜ਼ਾਨਾ ਕਰੀਬ 455 ਟਨ ਗੋਹਾ ਨਿਕਲ ਰਿਹਾ ਹੈ।
ਹੈਬੋਵਾਲ ਡੇਅਰੀ ਕੰਪਲੈਕਸ ’ਚ 250 ਪਸ਼ੂ ਡੇਅਰੀਆਂ ਹਨ, ਜਿਨ੍ਹਾਂ ’ਚ 33 ਹਜ਼ਾਰ ਪਸ਼ੂਆਂ ਨੂੰ ਰੱਖਿਆ ਗਿਆ ਹੈ। ਜਿੱਥੋਂ ਰੋਜ਼ਾਨਾ 330 ਟਨ ਗੋਬਰ ਨਿਕਲਿਆ ਹੈ। ਹਾਲਾਂਕਿ ਸਰਕਾਰ ਨੇ ਸਾਲ 2004 ’ਚ ਹੈਬੋਵਾਲ ਡੇਅਰੀ ਕੰਪਲੈਕਸਾਂ ’ਚ 225 ਟਨ ਸਮਰੱਥਾ ਦਾ ਗੋਬਰ ਗੈਸ ਪਲਾਂਟ ਨੂੰ ਲਾਇਆ ਸੀ। ਇਸ ਗੋਬਰ ਗੈਸ ਪਲਾਂਟ ’ਚ ਹਾਲੇ ਤੱਕ 185 ਟਨ ਗੋਬਰ ਪੁੱਜ ਰਿਹਾ ਹੈ। ਅਜਿਹੇ ’ਚ ਸਵਾਲ ਹੈ ਕਿ 145 ਟਨ ਗੋਬਰ ਕਿੱਥੇ ਜਾ ਰਿਹਾ ਹੈ। ਤਾਜਪੁਰ ਰੋਡ ਸਥਿਤ ਡੇਅਰੀ ਕੰਪਲੈਕਸ ’ਚ ਹਾਲਾਤ ਤਾਂ ਇਸ ਤੋਂ ਬੱਦਤਰ ਹਨ।
ਇੱਥੇਂ 150 ਪਸ਼ੂ ਡੇਅਰੀਆਂ ਚੱਲ ਰਹੀ ਹੈ, ਇਸ ’ਚ 12500 ਪਸ਼ੂਆਂ ਨੂੰ ਰੱਖਿਆ ਜਾ ਰਿਹਾ ਹੈ, ਪਰ ਇੱਥੇ ਗੋਬਰ ਦੀ ਸਾਂਭ ਲਈ ਕੋਈ ਪਲਾਂਟ ਨਹੀਂ ਹੈ। ਦੋਵੇਂ ਹੀ ਡੇਅਰੀ ਕੰਪਲੈਕਸ ਬੁੱਢਾ ਦਰਿਆ ਕੋਲ ਹਨ ਤੇ ਜ਼ਿਆਦਾ ਡੇਅਰੀ ਚਾਲਕ ਗੋਬਰ ਨੂੰ ਬੁੱਢਾ ਦਰਿਆ ’ਚ ਪਾ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਕਈ ਇਲਾਕਿਆਂ ’ਚ ਵੀ ਪਸ਼ੂ ਡੇਅਰੀਆਂ ਚੱਲ ਰਹੀਆਂ ਹਨ।
ਡੇਅਰੀ ਚਾਲਕਾਂ ਤੋਂ ਵਸੂਲ ਕੀਤਾ ਜਾਵੇਗਾ ਜੁਰਮਾਨਾ
ਬੁੱਢਾ ਦਰਿਆ ਦੀ ਰੀਵੀਊ ਮੀਟਿੰਗ ਦੌਰਾਨ ਸਾਹਮਣੇ ਆਇਆ ਕਿ ਡੇਅਰੀਆਂ ਦੇ ਪ੍ਰਦੂਸ਼ਣ ਦੇ ਕਾਰਨ ਪੀਪੀਸੀਬੀ ਨੇ ਨਿਗਮ ਨੂੰ 3.60 ਕਰੋੜ ਰੁਪਏ ਦਾ ਜੁਰਮਾਨਾ ਡੇਅਰੀ ਚਾਲਕਾਂ ਤੋਂ ਵਸੂਲ ਕੀਤਾ ਜਾਵੇਗਾ। ਇਸ ਲਈ ਨਿਗਮ ਓਐਂਡਐਸ ਬ੍ਰਾਂਚ ਦੇ ਅਧਿਕਾਰੀਆਂ ਨੂੰ ਨੋਟਿਸ ਦੇਣ ਦੀ ਤਿਆਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਉਧਰ, ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਬੁੱਢਾ ਦਰਿਆ ਨੂੰ ਜੋ ਵੀ ਦੂਸ਼ਿਤ ਕਰ ਰਿਹਾ ਹੈ, ਉਨ੍ਹਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਸ ’ਚ ਕਿਸੇ ਨੂੰ ਬਖਸ਼ਿਆਂ ਨਹੀਂ ਜਾਣਾ ਚਾਹੀਦਾ। ਫਿਰ ਚਾਹੇ ਉਹ ਕੋਈ ਵੀ ਕਿਉਂ ਨਾ ਹੋਵੇ।