ਸਤਵਿੰਦਰ ਬਸਰਾ
ਲੁਧਿਆਣਾ, 14 ਅਗਸਤ
ਨੈਸ਼ਨਲ ਇੰਸਟੀਚਿਊਟਸ਼ਨਲ ਰੈਕਿੰਗ ਫਰੇਮਵਰਕ (ਐੱਨ ਆਈ ਆਰ ਐੱਫ) ਵੱਲੋਂ ਜਾਰੀ ਸਾਲ 2024 ਦੀ ਦਰਜਾਬੰਦੀ ਵਿੱਚ ਪੀ.ਏ.ਯੂ. ਨੂੰ ਦੇਸ਼ ਦੀਆਂ 75 ਖੇਤੀ ਯੂਨੀਵਰਸਿਟੀਆਂ ਵਿੱਚੋਂ ਸਿਖਰਲੇ ਸਥਾਨ ਦੀ ਰੈਂਕਿੰਗ ਹਾਸਲ ਹੋਈ ਹੈ। ਲਗਾਤਾਰ ਦੂਸਰੇ ਸਾਲ ਪੀ.ਏ.ਯੂ. ਇਸ ਸਥਾਨ ’ਤੇ ਰਹਿ ਕੇ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਬਣੀ ਹੈ। ਖੇਤੀ ਸੰਸਥਾਵਾਂ ਦੇ ਵਿਸ਼ਾਲ ਵਰਗ ਵਿੱਚ ਖੇਤੀ ਦੇ ਨਾਲ-ਨਾਲ ਸਬੰਧਤ ਖੇਤਰਾਂ ਨੂੰ ਸ਼ਾਮਲ ਕਰ ਕੇ ਬਣਾਈ ਰੈਂਕਿੰਗ ਵਿੱਚ ਪੀ.ਏ.ਯੂ. ਆਈ ਏ ਆਰ ਆਈ ਨਵੀਂ ਦਿੱਲੀ ਅਤੇ ਰਾਸ਼ਟਰੀ ਡੇਅਰੀ ਖੋਜ ਸੰਸਥਾਨ ਕਰਨਾਲ ਤੋਂ ਬਾਅਦ ਤੀਸਰੇ ਸਥਾਨ ਦੀ ਸੰਸਥਾ ਬਣਨ ਵਿੱਚ ਸਫ਼ਲ ਰਹੀ।
ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਸੰਨ 1962 ਵਿੱਚ ਸਥਾਪਤ ਹੋਣ ਤੋਂ ਬਾਅਦ ਪਿਛਲੇ 62 ਸਾਲਾਂ ਦੌਰਾਨ ਪੀ.ਏ.ਯੂ. ਦੇਸ਼ ਵਿਚ ਹੀ ਨਹੀਂ ਬਲਕਿ ਸੰਸਾਰ ਪੱਧਰ ’ਤੇ ਆਪਣੀ ਪਛਾਣ ਸਥਾਪਤ ਕਰਨ ਵਾਲੀ ਸੰਸਥਾ ਬਣੀ ਹੈ। ਉਨ੍ਹਾਂ ਨੇ ਪੀ.ਏ.ਯੂ. ਵੱਲੋਂ ਐੱਨ ਆਈ ਆਰ ਐੱਫ ਦੀ ਰੈਂਕਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਉੱਪਰ ਮਾਣ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਉੱਚਤਾ ਦਾ ਅਧਾਰ ਪੀ.ਏ.ਯੂ. ਦੀ ਖੇਤੀ ਖੋਜ, ਵਿੱਦਿਅਕ ਪ੍ਰਣਾਲੀ ਅਤੇ ਪਸਾਰ ਢਾਂਚੇ ਨੂੰ ਮੰਨਿਆ ਗਿਆ ਹੈ। ਐੱਨ ਆਈ ਆਰ ਐੱਫ ਦੀ 2024 ਦੀ ਰੈਂਕਿੰਗ ਵਿਚ 6,517 ਸੰਸਥਾਨਾਂ ਤੋਂ ਪ੍ਰਤੀਨਿਧਤਾ ਸੀ ਅਤੇ ਕੁੱਲ ਮਿਲਾ ਕੇ 10,845 ਬਿਨੈਕਾਰ ਸਨ। ਵਾਈਸ ਚਾਂਸਲਰ ਨੇ ਪੀ.ਏ.ਯੂ. ਦੇ ਅਮਲੇ, ਕਰਮਚਾਰੀਆਂ, ਸਹਿਯੋਗ ਅਮਲੇ, ਵਿਦਿਆਰਥੀਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਬਕਾ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਅਤੇ ਸਹਿਯੋਗ ਸਦਕਾ ਇਸ ਮੁਕਾਮ ਨੂੰ ਪ੍ਰਾਪਤ ਕਰਨ ਲਈ ਵਧਾਈ ਦਿੱਤੀ।
ਇਸ ਦੌਰਾਨ ਭਵਿੱਖ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਦੀ ਯੋਜਨਾ ਸਮਾਰਟ ਖੇਤੀਬਾੜੀ ਲਈ ਡਿਜ਼ੀਟਲ ਤਕਨਾਲੋਜੀ ਪਾਰਕ ਸਥਾਪਤ ਕਰਨ ਦੀ ਹੈ। ਇਸ ਵਿਚ ਸੈਂਸਰ ਅਧਾਰਿਤ ਸਵੈ-ਚਾਲਿਤ ਸਿੰਜਾਈ ਪ੍ਰਬੰਧ, ਸਵੈ-ਚਾਲਿਤ ਮੌਸਮ ਕੇਂਦਰ, ਖੇਤੀ ਵਿਗਿਆਨਕ ਢੰਗਾਂ ਵਿਚ ਡਰੋਨ ਦੀ ਵਰਤੋਂ, ਮਸ਼ੀਨ ਸਿਖਲਾਈ ਅਧਾਰਿਤ ਸੂਖਮ ਸਹਿਯੋਗੀ ਪ੍ਰਬੰਧ ਆਦਿ ਸ਼ਾਮਿਲ ਕੀਤਾ ਜਾਵੇਗਾ। ਪੀ.ਏ.ਯੂ. ਦੀ ਖੋਜ ਦਾ ਧਿਆਨ ਵੀ ਮੌਸਮ ਅਨੁਸਾਰੀ, ਤਾਪ ਲਈ ਸਹਿਣਸ਼ੀਲ ਅਤੇ ਬਿਮਾਰੀਆਂ ਅਤੇ ਕੀੜਿਆਂ ਦਾ ਸਾਹਮਣਾ ਕਰਨ ਵਾਲੀਆਂ ਕਿਸਮਾਂ ਦੇ ਵਿਕਾਸ ਵੱਲ ਹੈ। ਇਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਉਨ੍ਹਾਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦਾ ਜ਼ਿਕਰ ਕੀਤਾ।