ਗੁਰਿੰਦਰ ਸਿੰਘ
ਲੁਧਿਆਣਾ, 4 ਜੁਲਾਈ
ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਫੇਸ 4, ਫੋਕਲ ਪੁਆਇੰਟ ਵਿੱਚ ਰੋਸ ਮਾਰਚ ਕਰਕੇ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਉੱਤੇ ਕਰੋਨਾ ਬਹਾਨੇ ਸਰਮਾਏਦਾਰਾਂ ਦੇ ਪੱਖ ਵਿੱਚ ਮਜ਼ਦੂਰ ਜਮਾਤ ਦੇ ਹੱਕਾਂ ਦੇ ਘਾਣ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਰਤ ਕਾਨੂੰਨਾਂ ਵਿੱਚ ਸੋਧਾਂ ਰੱਦ ਕਰਨ, ਕਿਰਤ ਹੱਕ ਲਾਗੂ ਕਰਾਉਣ, ਕਿਰਤ ਕਾਨੂੰਨਾਂ ਦੀ ਉਲੰਘਣਾ ਕਰਨ ਵਾਲ਼ੇ ਸਰਮਾਏਦਾਰਾਂ ਨੂੰ ਸਖ਼ਤ ਸਜ਼ਾਵਾਂ ਦੇਣ, ਪੂਰਨਬੰਦੀ ਕਾਰਨ ਮਜ਼ਦੂਰਾਂ ਦੇ ਹੋਏ ਨੁਕਸਾਨ ਲਈ ਮੁਆਵਜ਼ਾ, ਛਾਂਟੀਆਂ ‘ਤੇ ਰੋਕ ਲਾਉਣ, ਬੰਦ ਤੇ ਮੰਦੀ ਦੇ ਸਮੇਂ ਦੀ ਪੂਰੀ ਤਨਖਾਹ ਦੇਣ, ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ, ਸਾਰੀਆਂ ਬਿਮਾਰੀਆਂ ਦੇ ਮੁਫ਼ਤ ਇਲਾਜ, ਕੱਚੇ ਸਿਹਤ ਕਾਮਿਆਂ ਨੂੰ ਪੱਕਾ ਕਰਨ ਅਤੇ ਮਹਿੰਗਾਈ ਨੂੰ ਨੱਥ ਪਾਉਣ ਆਦਿ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਯੂਨੀਅਨ ਆਗੂਆਂ ਜਸਮੀਤ, ਵਿਮਲਾ ਤੇ ਨੌਜਵਾਨ ਭਾਰਤ ਸਭਾ ਦੇ ਨਵਜੋਤ ਨੇ ਵੀ ਸੰਬੋਧਨ ਕੀਤਾ।
ਕੇਂਦਰ ਸਰਕਾਰ ਖ਼ਿਲਾਫ਼ ਰੋਸ ਰੈਲੀ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਵਿੱਚ ਟਰੇਡ ਯੂਨੀਅਨਾਂ ਵੱਲੋਂ ਜਗਰਾਉਂ ਵਿੱਚ ਰੋਸ ਰੈਲੀ ਕੀਤੀ ਗਈ। ਰੋਡਵੇਜ਼ ਮੁਲਾਜ਼ਮਾਂ, ਇਨਕਲਾਬੀ ਕੇਂਦਰ ਪੰਜਾਬ, ਪੇਂਡੂ ਮਜ਼ਦੂਰ ਯੂਨੀਅਨ, ਡੈਮੋਕ੍ਰੈਟਿਕ ਟੀਚਰ ਫਰੰਟ ਅਤੇ ਬੀਕੇਯੂ (ਡਕੌਂਦਾ) ਦੇ ਕਾਰਕੁਨਾਂ ਨੇ ਬੱਸ ਸਟੈਂਡ ’ਤੇ ਰੈਲੀ ਕਰਕੇ ਮੋਦੀ ਹਕੂਮਤ ਨੂੰ ਚਿਤਾਵਨੀ ਦਿੱਤੀ ਕਿ ਦੇਸ਼ ਦੀਆਂ 49 ਕੋਇਲਾ ਖਾਣਾਂ, 109 ਰੇਲਵੇ ਰੂਟਾਂ ਨੂੰ ਵੇਚਣ, ਤੇਲ ਕੰਪਨੀਆਂ, ਸਟੀਲ, ਕੋ.ਬੈਕਾਂ, ਬੀਮਾਂ ਕੰਪਨੀਆਂ ਨੂੰ ਤੇਲ ਨੂੰ ਵੇਚਣ ਤੋਂ ਗੁਰੇਜ਼ ਕੀਤਾ ਜਾਵੇ। ਰੈਲੀ ਨੂੰ ਸੰਬੋਧਨ ਕਰਦਿਆਂ ਗੁਰਦੀਪ ਮੋਤੀ, ਕੰਵਲਜੀਤ ਖੰਨਾ, ਅਵਤਾਰ ਰਸੂਲਪੁਰ ਨੇ ਸੰਬੋਧਨ ਕੀਤਾ। ਰੈਲੀ ਉਪਰੰਤ ਸਰਕਾਰ ਦੇ ਨਾਂ ਇੱਕ ਮੰਗ ਪੱਤਰ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੂੰ ਸੌਂਪਿਆ ਗਿਆ।
ਮੰਡੀਕਰਨ ਢਾਂਚਾ ਖਤਮ ਕਰਨਾ ਦੇਸ਼ ਲਈ ਮੰਦਭਾਗਾ ਕਰਾਰ
ਸਮਰਾਲਾ (ਡੀਪੀਐੱਸ ਬੱਤਰਾ): ਕੇਂਦਰ ਸਰਕਾਰ ਦੇਸ਼ ਦੀਆਂ ਵੱਡੀਆਂ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਦੇਸ਼ ਵਿੱਚ ਮੌਜੂਦਾ ਮੰਡੀਕਰਨ ਢਾਂਚੇ ਨੂੰ ਖਤਮ ਕਰਨ ਜਾ ਰਹੀ ਹੈ, ਜਿਸਦਾ ਸਿੱਧਾ ਅਸਰ ਦੇਸ਼ ਦੇ ਆੜ੍ਹਤੀਆਂ, ਮੁਨੀਮਾਂ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਖਤਮ ਕਰ ਦੇਵੇਗਾ। ਕਾਰਪੋਰੇਟ ਘਰਾਣੇ ਆਪਣੀ ਮਰਜ਼ੀ ਨਾਲ ਕਿਸਾਨਾਂ ਦੀ ਲੁੱਟ ਕਰਨਗੇ। ਇਹ ਪ੍ਰਗਟਾਵਾ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਸੀਨੀਅਰ ਮੀਤ ਪ੍ਰਧਾਨ ਜੰਗ ਸਿੰਘ ਭੰਗਲਾਂ ਨੇ ਕੀਤਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਆਰਡੀਨੈਂਸ ਨੂੰ ਵਾਪਸ ਲਿਆ ਜਾਵੇ।